ਸੇਵਾ ਕੇਂਦਰਾਂ 'ਚ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਵੀ ਸ਼ੁਰੂ : ਡਿਪਟੀ ਕਮਿਸ਼ਨਰ


ਪਟਿਆਲਾ, 5 ਜਨਵਰੀ: (ਐਨ ਟੀ) ਹੁਣ ਸੇਵਾ ਕੇਂਦਰਾਂ 'ਚ ਟਰਾਂਸਪੋਰਟ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ 35 ਤਰ੍ਹਾਂ ਦੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿਚ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਜ਼ਿਲ੍ਹੇ ਦੇ 41 ਸੇਵਾ ਕੇਂਦਰਾਂ ਅੰਦਰ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿੱਚ ਡੁਪਲੀਕੇਟ ਡਰਾਈਵਿੰਗ ਲਾਇਸੰਸ, ਰੀਨਿਊ ਲਾਇਸੰਸ, ਘਰ ਦਾ ਪਤਾ ਬਦਲਣਾ, ਲਾਇਸੰਸ ਬਦਲਣਾ, ਐਨ.ਓ.ਸੀ., ਨਾਮ ਬਦਲੀ ਡਰਾਈਵਿੰਗ ਲਾਇਸੰਸ, ਮੋਬਾਈਲ ਅਪਡੇਟ, ਕੰਡਕਟਰ ਲਾਇਸੰਸ ਰੀਨਿਊ, ਆਨਲਾਈਨ ਟੈਕਸ ਰਜਿਸਟਰਡ ਟਰਾਂਸਪੋਰਟ ਅਤੇ ਨਵੀਂ ਟਰਾਂਸਪੋਰਟ, ਟਰਾਂਸਫ਼ਰ, ਡੁਪਲੀਕੇਟ ਆਰ.ਸੀ., ਪਤੇ 'ਚ ਬਦਲਾ, ਐਨ.ਓ.ਸੀ. ਦੂਜੇ ਸੂਬੇ ਨਾਲ ਸਬੰਧਤ, ਚੈਕ ਈ-ਪੇਮੈਂਟ ਸਟੇਟਸ ਆਦਿ 35 ਤਰ੍ਹਾਂ ਦੀਆਂ ਸੇਵਾਵਾਂ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਮੰਤਵ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣਾ ਹੈ ਇਸੇ ਤਹਿਤ ਇਕੋ ਛੱਤ ਹੇਠ ਅਨੇਕਾਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਸੇਵਾ ਕੇਂਦਰਾਂ ਅਧੀਨ ਕੰਮ ਕਰ ਰਹੇ ਸਟਾਫ਼ ਨੂੰ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ 'ਚ ਕੋਈ ਕੁਤਾਹੀ ਨਾ ਵਰਤੀ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸੇਵਾ ਕੇਂਦਰ ਆਉਣ ਸਮੇਂ ਮਾਸਕ ਲਾਜ਼ਮੀ ਪਾਇਆ ਜਾਵੇ ਅਤੇ ਆਪਸ ਵਿਚ ਸਮਾਜਿਕ ਦੂਰੀ ਜ਼ਰੂਰ ਕਾਇਮ ਕੀਤੀ ਜਾਵੇ।