ਨਵਾਂਸ਼ਹਿਰ 3 ਜਨਵਰੀ (ਐਨ ਟੀ) ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਕੰਪਨੀ ਦੇ ਸੁਪਰ ਸਮਾਰਟ ਸਟੋਰ ਅੱਗੇ ਚੱਲ ਰਹੇ ਧਰਨੇ ਤੋਂ ਪਿੰਡ ਬੇਗਮਪੁਰ ਦਾ ਚੌਥਾ ਜਥਾ ਦਿੱਲੀ ਲਈ ਰਵਾਨਾ ਹੋਇਆ । ਇਹ ਜਥਾ ਟਰੈਕਟਰ-ਟਰਾਲੀ ਅਤੇ ਕਾਰਾਂ ਵਿਚ ਰਵਾਨਾ ਹੋਇਆ । ਇਸ ਜਥੇ ਦੇ ਆਗੂਆਂ ਸੁਖਵਿੰਦਰ ਸਿੰਘ ਅਤੇ ਜਗਤਾਰ ਸਿੰਘ ਨੇ ਆਖਿਆ ਕਿ ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਬੇਗਮਪੁਰ ਤੋਂ ਤਿੰਨ ਜਥੇ ਪਹਿਲਾਂ ਜਾ ਚੁੱਕੇ ਹਨ । ਉਹਨਾਂ ਕਿਹਾ ਕਿ ਮੋਦੀ ਸਰਕਾਰ ਪ੍ਰਤੀ ਲੋਕਾਂ ਦਾ ਗੁੱਸਾ ਇਸ ਕਦਰ ਵਧ ਚੁੱਕਾ ਹੈ ਕਿ ਹਰ ਪੰਜਾਬੀ ਦਿੱਲੀ ਦੇ ਕਿਸਾਨੀ ਮੋਰਚੇ ਵਿਚ ਹਾਜਰੀ ਭਰਨਾ ਆਪਣਾ ਫਰਜ ਸਮਝਦਾ ਹੈ । ਉਹਨਾਂ ਕਿਹਾ ਕਿ ਕਿਸਾਨੀ ਘੋਲ ਹਰ ਹਾਲਤ ਜੇਤੂ ਹੋਕੇ ਨਿਕਲੇਗਾ । ਇਸ ਜਥੇ ਵਿਚ ਕਮਲਜੀਤ ਕੌਰ, ਰਣਜੀਤ ਕੌਰ ਅਤੇ ਹੋਰ ਦਰਜਨਾਂ ਬੇਗਮਪੁਰ ਵਾਸੀ ਵੀ ਸ਼ਾਮਲ ਸਨ। ਇਸ ਜਥੇ ਨੂੰ ਕੁਲਵਿੰਦਰ ਸਿੰਘ ਵੜੈਚ, ਗੁਰਦਿਆਲ ਰੱਕੜ, ਬੂਟਾ ਸਿੰਘ, ਅਸ਼ੋਕ ਕੁਮਾਰ, ਜਸਵੀਰ ਸਿੰਘ ਮਹਾਲੋਂ, ਸੁਰਿੰਦਰ ਸਿੰਘ ਮੀਰਪੁਰੀ ਨੇ ਰਵਾਨਾ ਕੀਤਾ।