ਸਿੰਘੂ ਬਾਰਡਰ ਤੋਂ ਚੱਲ ਰਹੀ ਕਾਰ ਸੇਵਾ ਚ ਪਹੁੰਚੇ ਐੱਮ.ਪੀ ਤਿਵਾੜੀ, ਕਿਸਾਨਾਂ ਦੇ ਸੰਘਰਸ਼ ਪ੍ਰਤੀ ਕੇਂਦਰ ਸਰਕਾਰ ਦੇ ਰਵੱਈਏ ਦੀ ਨਿੰਦਾ ਕੀਤੀ

 
ਸਿੰਘੂ ਬਾਰਡਰ/ਨਵਾਂਸ਼ਹਿਰ, 3 ਜਨਵਰੀ:(ਐਨ ਟੀ ਟੀਮ) ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ ਸਮਰੱਥਨ ਵਿੱਚ ਸਿੰਘੂ ਬਾਰਡਰ ਤੇ ਕਿਲ੍ਹਾ ਅਨੰਦਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਵੱਲੋਂ ਚਲਾਈ ਜਾ ਰਹੀ ਲੰਗਰ ਦੀ ਕਾਰ ਸੇਵਾ ਚ ਪਹੁੰਚੇ। ਜਿੱਥੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸਮਰਥਨ ਪ੍ਰਗਟ ਕੀਤਾ ਉੱਥੇ ਹੀ ਕਿਸਾਨੀ ਸੰਘਰਸ਼ ਪ੍ਰਤੀ ਕੇਂਦਰ ਸਰਕਾਰ ਦੇ ਰਵੱਈਏ ਦੀ ਨਿੰਦਾ ਵੀ ਕੀਤੀ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹੱਕ ਚ ਰਹੀ ਹੈ। ਉਨ੍ਹਾਂ ਨੇ ਸੰਸਦ ਚ ਵੀ ਜ਼ੋਰਦਾਰ ਤਰੀਕੇ ਨਾਲ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਸੀ' ਪਰ ਕੇਂਦਰ ਸਰਕਾਰ ਨੇ ਜ਼ਬਰਦਸਤੀ ਉਨ੍ਹਾਂ ਪਾਸ ਕਰਵਾ ਲਿਆ। ਪੰਜਾਬ ਦੀ ਕਾਂਗਰਸ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਵਿਧਾਨ ਸਭਾ ਚ ਪ੍ਰਸਤਾਵ ਲਿਆਈ। ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਿਸਾਨ ਟਰੈਕਟਰ ਮਾਰਚ ਰੈਲੀਆਂ ਕੱਢੀਆਂ ਗਈਆਂ। ਪਾਰਟੀ ਹਰ ਪੱਧਰ ਤੇ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਚ ਰਹੀ ਹੈ। ਪਰ ਅਫ਼ਸੋਸ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਹੈ, ਜਿਨ੍ਹਾਂ ਲਈ ਇਹ ਖੇਤੀ ਕਾਨੂੰਨ ਲਿਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕੋਲ ਕੜਾਕੇ ਦੀ ਠੰਢ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਨੂੰ ਮਿਲਣ ਦਾ ਵਕਤ ਨਹੀਂ ਹੈ। ਐਮ.ਪੀ ਤਿਵਾੜੀ ਨੇ ਕਿਲਾ ਆਨੰਦਗੜ੍ਹ ਸਾਹਿਬ ਸੰਪਰਦਾਇ ਦੇ ਬਾਬਾ ਸੁੱਚਾ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਅੰਦੋਲਨ ਚ ਲਗਾਤਾਰ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ, ਜਿਹੜੇ ਮਾਨਵਤਾ ਦੇ ਭਲੇ ਲਈ ਕੰਮ ਕਰ ਰਹੇ ਹਨ। ਤਿਵਾੜੀ ਬਾਬਾ ਜਸਦੀਪ ਸਿੰਘ ਮੰਗਾ ਜੀ ਝੰਡਾ ਸਾਹਿਬ ਖਟਕਲ ਕਲਾਂ ਵੱਲੋਂ ਚਲਾਈ ਜਾ ਰਹੀ ਲੰਗਰ ਸੇਵਾ ਤੇ ਸਰਪੰਚ ਸੁਖਜਿੰਦਰ ਸਿੰਘ ਵੱਲੋਂ ਨੋਰਾ ਪਿੰਡ ਪਾਸੋਂ ਚਲਾਈ ਜਾ ਰਹੀ ਫਰੀ ਮੈਡੀਕਲ ਸੇਵਾ ਚ ਵੀ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਐੱਸਬੀਐੱਸ ਨਗਰ, ਕਮਲਜੀਤ ਸਿੰਘ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਭਜਨ ਸਿੰਘ ਬਲਾਕ ਪ੍ਰਧਾਨ, ਦਰਵਜੀਤ ਸਿੰਘ ਪੂਨੀਆ ਚੇਅਰਮੈਨ ਮਾਰਕੀਟ ਕਮੇਟੀ, ਰਘਬੀਰ ਸਿੰਘ ਬਿੱਲਾ, ਹਰਪਾਲ ਸਿੰਘ ਪਠਲਾਵਾ, ਸੁਖਜਿੰਦਰ ਸਿੰਘ ਨੋਰਾ, ਚਰਨਜੀਤ ਸਿੰਘ ਪਠਲਾਵਾ, ਸੱਤਪਾਲ ਸਿੰਘ ਅੰਮ੍ਰਿਤਸਰੀਏ ਭਾਈਆ ਵਾਲੇ, ਬਾਬਾ ਜਸਦੀਪ ਸਿੰਘ ਮੰਗਾ ਜੀ ਝੰਡਾ ਸਾਹਿਬ ਖਟਕਲ ਕਲਾਂ, ਬੋਬੀ ਦਿੱਲੀ, ਜੱਸਾ ਸਿੰਘ ਸੋਤਰਾ, ਕਾਰੀ ਝਿੱਕਾ, ਮਨਪ੍ਰੀਤ ਸਿੰਘ ਸੋਢੀ, ਲੱਕੀ ਸੋਢੀਆਂ, ਅਜੀਤ ਸਿੰਘ ਉੱਚਾ ਲਧਾਣਾ ਇੰਚਾਰਜ ਲੰਗਰ ਕਮੇਟੀ ਵੀ ਮੌਜੂਦ ਰਹੇ।