ਅਲਾਚੌਰੀਆਂ ਵਲੋਂ ਦਿੱਲੀ ਕਿਸਾਨ ਮੋਰਚੇ ਲਈ ਭਰਵਾਂ ਹੁੰਗਾਰਾ

ਨਵਾਂਸ਼ਹਿਰ 3 ਮਾਰਚ (ਬਿਊਰੋ) ਅਲਾਚੌਰੀਆਂ ਨੇ ਦਿੱਲੀ ਮੋਰਚੇ ਨੂੰ ਤਕੜਾ ਕਰਨ ਲਈ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਅੱਜ ਪਿੰਡ ਵਿੱਚ ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਗਈ ਮੀਟਿੰਗ ਵਿਚ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਉਹਨਾਂ ਦਾ ਪਿੰਡ ਪਹਿਲੇ ਦਿਨ ਤੋਂ ਹੀ ਇਸ ਘੋਲ ਵਿਚ ਵੱਧ ਚੜ੍ਹਕੇ ਹਿੱਸਾ ਪਾਉਂਦਾ ਆ ਰਿਹਾ ਹੈ। ਪਿੰਡ ਦੇ ਸਰਪੰਚ ਸ਼ੰਗਾਰਾ ਸਿੰਘ,ਮਨਜੀਤ ਸਿੰਘ ਪੰਚ,ਸੁਖਵਿੰਦਰ ਸਿੰਘ ਪੰਚ,ਸਰਬਜੀਤ ਸਿੰਘ, ਮਨਜੀਤ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਸੁਰਜੀਤ ਕੌਰ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ-2019 ਕਿਸਾਨਾਂ ਲਈ ਘਾਤਕ ਹਨ।ਇਹ ਕਾਨੂੰਨ ਉਹਨਾਂ ਦੀ ਜਿੰਦਗੀ ਨੂੰ ਹਨੇਰੀ ਗੁਫਾ ਵਲ ਧੱਕ ਦੇਣਗੇ। ਉਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਖਾ ਜਾਣਗੇ ਇਸ ਲਈ ਇਹਨਾਂ ਦਾ ਰੱਦ ਹੋਣਾ ਲਾਜਮੀ ਹੈ।ਯੂਨੀਅਨ ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ, ਜਸਵੀਰ ਦੀਪ ਅਤੇ ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਦਿੱਲੀ ਦੇ ਮੋਰਚੇ ਦੀ ਹਾਰ ਜਿੱਤ ਸਾਡਾ ਭਵਿੱਖ ਤੈਅ ਕਰੇਗੀ।ਇਸ ਲਈ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਹੈ ਕਿ ਇਹ ਕਾਨੂੰਨ ਲਾਜਮੀ ਤੌਰ ਉੱਤੇ ਰੱਦ ਹੋਣ।ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦੀ ਹਾਰ ਜਰੂਰੀ ਹੈ। ਇਸ ਲਈ 6 ਮਾਰਚ ਨੂੰ ਦਿੱਲੀ ਦਾ ਕੇ ਐਮ ਪੀ ਦਾ ਜਾਮ ਹਰ ਹਾਲਤ ਸਫਲ ਹੋਣਾ ਚਾਹੀਦਾ ਹੈ। ਦਿੱਲੀ ਮੋਰਚੇ 'ਤੇ ਮਨਾਇਆ ਜਾਣ ਵਾਲਾ ਕੌਮਾਂਤਰੀ ਇਸਤਰੀ ਦਿਵਸ ਮੌਕੇ ਔਰਤਾਂ ਦੀ ਗਿਣਤੀ ਇਤਿਹਾਸਕ ਹੋਵੇ।ਮਾਈ ਭਾਗੋ ਦੀਆਂ ਵਾਰਿਸ ਔਰਤਾਂ ਵੱਡੀ ਗਿਣਤੀ ਵਿਚ ਦਿੱਲੀ ਇਕੱਠੀਆਂ ਹੋਣ।ਉਹਨਾਂ ਨੇ ਇਹਨਾਂ ਦੋਨਾਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ।ਉਹਨਾਂ ਕਿਹਾ ਕਿ ਜਾਗਰੂਕਤਾ ਲਈ ਪਿੰਡ ਵਿਚ ਜਾਗੋਆਂ ਵੀ ਕੱਢੀਆਂ ਜਾਣ। ਇਸ ਮੌਕੇ ਜੋਗਾ ਸਿੰਘ ਮਹਿੰਦੀ ਪੁਰ, ਸੁਰਿੰਦਰ ਮੀਰਪੁਰੀ,ਬਲਵੀਰ ਸਿੰਘ ਬੈਂਸ, ਚਰਨਜੀਤ ਸਿੰਘ ਚੰਨੀ, ਭੈਰੋਂ, ਹਰਬੰਸ ਸਿੰਘ, ਗੁਰਨਾਮ ਸਿੰਘ, ਨਿਰਮਲ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਜੁਗਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ , ਮਨਦੀਪ ਕੌਰ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ।
ਕੈਪਸ਼ਨ: ਮੀਟਿੰਗ ਵਿਚ ਸ਼ਾਮਲ ਪਿੰਡ ਵਾਸੀ ਅਤੇ ਯੂਨੀਅਨ ਦੇ ਆਗੂ।