ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਰੋਸ ਪੱਤਰ
ਨਵਾਂਸ਼ਹਿਰ 3 ਮਾਰਚ (ਬਿਊਰੋ) ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਅਤੇ ਸਿੱਖਿਆ ਵਿਰੋਧੀ ਲਏ ਜਾ ਰਹੇ ਫ਼ੈਸਲਿਆਂ ਦੇ ਵਿਰੁੱਧ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਜ਼ਿਲ੍ਹੇ ਦੇ ਅਧਿਆਪਕਾਂ ਨੇ ਰੋਸ ਵਜੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਸਿੱਖਿਆ ਮੰਤਰੀ ਨੂੰ ਰੋਸ-ਪੱਤਰ ਭੇਜਿਆ ਗਿਆ। ਅਧਿਆਪਕ ਆਗੂਆਂ ਕੁਲਦੀਪ ਸਿੰਘ ਦੌੜਕਾ, ਮੁਲਖਰਾਜ, ਦੇਸ ਰਾਜ ਨੌਰਦ, ਕਰਨੈਲ ਸਿੰਘ ਰਾਹੋਂ, ਦਲਜੀਤ ਸਫੀਪੁਰ, ਬਲਜੀਤ ਸਿੰਘ, ਦੇਸ ਰਾਜ ਬੱਜੋਂ, ਮਨੋਹਰ ਲਾਲ, ਪਰਸ਼ੋਤਮ ਲਾਲ, ਰਾਕੇਸ਼ ਸਡ਼ੋਆ, ਜਸਵਿੰਦਰ ਔਜਲਾ, ਨਿਰੰਜਣਜੋਤ ਸਿੰਘ ਆਦਿ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਵਪਾਰੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਰਾਹ 'ਤੇ ਚੱਲਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਨਾਨ ਟੀਚਿੰਗ ਦੀਆਂ ਅਸਾਮੀਆਂ ਨੂੰ ਲਗਾਤਾਰ ਘਟਾਉਣ, ਆਨਲਾਈਨ ਸਿੱਖਿਆ ਨੂੰ ਸਕੂਲੀ ਸਿੱਖਿਆ ਦੇ ਬਦਲ ਵਜੋਂ ਪੇਸ਼ ਕਰਨ ਅਤੇ ਸਕੂਲਾਂ ਨੂੰ ਮਰਜਿੰਗ ਦੇ ਨਾਂ ਹੇਠ ਬੰਦ ਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਿੱਖਿਆ ਵਿਰੋਧੀ ਰੈਸ਼ਨਲਾਈਜੇਸ਼ਨ ਨੀਤੀ ਦੇ ਅਮਲ 'ਤੇ ਰੋਕ ਲਗਾਕੇ, ਸਾਂਝੇ ਅਧਿਆਪਕ ਮੋਰਚੇ ਵੱਲੋਂ ਸਾਲ 2018 ਦੌਰਾਨ ਸਿੱਖਿਆ ਵਿਭਾਗ ਨੂੰ ਦਿੱਤੇ ਸੁਝਾਵਾਂ ਅਨੁਸਾਰ ਨੀਤੀ ਲਾਗੂ ਕੀਤੀ ਜਾਵੇ। ਬਦਲੀ ਪ੍ਰਕਿਰਿਆ ਦੀ ਆੜ ਵਿੱਚ ਅਸਾਮੀਆਂ ਦਾ ਖਾਤਮਾ ਕਰਨਾ ਬੰਦ ਕੀਤਾ ਜਾਵੇ। ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਾਰੇ ਕਾਡਰਾਂ ਦੀਆਂ ਖਾਲੀ ਅਸਾਮੀਆਂ ਨੂੰ ਜਨਤਕ ਕੀਤਾ ਜਾਵੇ। ਮਿਡਲ ਸਕੂਲਾਂ ਵਿੱਚ ਛੇ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਬਰਕਰਾਰ ਰੱਖਦਿਆਂ ਇਹਨਾਂ ਨੂੰ ਬਦਲੀ ਪ੍ਰਕਿਰਿਆ ਦੌਰਾਨ ਵੱਖਰੇ ਤੌਰ 'ਤੇ ਦਿਖਾਇਆ ਜਾਵੇ। ਗ੍ਰਹਿ ਜਿਲ੍ਹਿਆਂ ਤੋਂ ਬਾਹਰ ਭਰਤੀ /ਪਦਉਨਤ ਹੋਏ ਸਾਰੇ ਅਧਿਆਪਕਾਂ ਨੂੰ ਬਿਨਾ ਸ਼ਰਤ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਮਿਡਲ ਸਕੂਲਾਂ ਵਿੱਚੋਂ 228 ਪੀ.ਟੀ.ਆਈਜ਼ ਨੂੰ ਧੱਕੇ ਨਾਲ ਅਸਾਮੀ ਸਹਿਤ ਸ਼ਿਫਟ ਕਰਨ ਦੇ ਫੈਸਲੇ ਨੂੰ ਪੱਕੇ ਤੌਰ 'ਤੇ ਰੱਦ ਕੀਤਾ ਜਾਵੇ ਅਤੇ ਪ੍ਰਾਇਮਰੀ ਵਿੱਚ 1904 ਹੈਡ ਟੀਚਰਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ। ਪ੍ਰਾਇਮਰੀ ਵਿੱਚ ਪੀ.ਟੀ.ਆਈਜ ਦੀ ਨਵੀਂ ਭਰਤੀ ਕੀਤੀ ਜਾਵੇ। ਹਰੇਕ ਕਾਡਰ ਦੀਆਂ ਪੈਡਿੰਗ ਤਰੱਕੀਆਂ ਨੂੰ ਨੇਪਰੇ ਚਾੜਿਆ ਜਾਵੇ ਅਤੇ ਤਰੱਕੀ ਕੋਟੇ ਨੂੰ ਖੋਰਾ ਲਗਾਉਣਾ ਬੰਦ ਕਰਕੇ ਹਰੇਕ ਕਾਡਰ ਲਈ ਤਰੱਕੀ ਕੋਟਾ 75% ਬਰਕਰਾਰ ਰੱਖਿਆ ਜਾਵੇ। ਕੈਬਨਿਟ ਸਬ ਕਮੇਟੀ ਨਾਲ ਮਿਤੀ 05-03-2019 ਨੂੰ ਬਣੀ ਸਹਿਮਤੀ ਅਨੁਸਾਰ ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਸਮੁੱਚੀਆਂ ਵਿਕਟੇਮਾਈਜੇਸ਼ਨਾਂ, ਦਰਜ਼ ਪੁਲਿਸ ਕੇਸ ਅਤੇ ਇਹਨਾਂ ਕਰਕੇ ਰੋਕੇ ਰੈਗੂਲਰ ਪੱਤਰ ਜਾਰੀ ਕੀਤੇ ਜਾਣ। ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਤੇ ਮਹਿੰਗਾਈ ਭੱਤੇ ਦੇ ਬਕਾਏ ਜਾਰੀ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਐੱਨ.ਪੀ.ਐੱਸ. ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਕੀਤੀ ਜਾਵੇ। ਰੋਸ ਰੈਲੀ ਵਿੱਚ ਕਰਮਜੀਤ ਕੌਰ, ਅਰਜਨ ਦੇਵ, ਗੁਰਦਿਆਲ ਸਿੰਘ, ਮਹਿੰਦਰ ਸਿੰਘ, ਕੁਲਵਿੰਦਰ ਕੌਰ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਸਤਨਾਮ ਰਾਮ, ਜਗਦੀਪ ਕੁਮਾਰ, ਜਸਬੀਰ ਸਿੰਘ, ਰਾਮ ਪਾਲ, ਗੁਰਜਿੰਦਰ ਸਿੰਘ, ਸੁਖਦੇਵ ਸ਼ਾਰਦਾ, ਮਹਾਂਵੀਰ, ਮਲਕੀਅਤ ਸਿੰਘ ਆਦਿ ਹਾਜ਼ਰ ਸਨ।