ਨਵਾਂਸ਼ਹਿਰ 1 ਮਾਰਚ (ਐਨ ਟੀ ਟੀਮ) ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਮੁਫਤ ਜਾਂਚ ਅਤੇ ਅਪਰੇਸ਼ਨ ਕੈਂਪ 6 ਮਾਰਚ ਦਿਨ ਸ਼ਨੀਵਾਰ ਨੂੰ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ (ਨਜ਼ਦੀਕ ਗੁਰਦੁਆਰਾ ਟਾਹਲੀ ਸਾਹਿਬ) ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿਚ ਅੱਖਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ ਅਤੇ ਜਰੂਰਤ ਅਨੁਸਾਰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਅਪਰੇਸ਼ਨ ਯੋਗ ਪਾਏ ਗਏ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਜਿਲਾ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਮੁਫਤ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਸਰਪ੍ਰਸਤ ਬਲਵੰਤ ਸਿੰਘ ਸੋਇਤਾ ਅਤੇ ਕੈਸ਼ੀਅਰ ਜਗਦੀਪ ਸਿੰਘ ਨੇ ਦਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਸੁਸਾਇਟੀ ਵਲੋਂ ਲਗਾਇਆ ਜਾਣ ਵਾਲਾ ਇਹ ਦੂਸਰਾ ਕੈਂਪ ਹੋਵੇਗਾ ਅਤੇ ਇਸ ਕੈਂਪ ਵਿਚ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਲੋੜਵੰਦਾਂ ਅੱਖਾਂ ਦੇ ਮਰੀਜ਼ਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਨਾਮ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਨਵਾਂਸ਼ਹਿਰ ਜਾਂ ਗੁਰੂ ਨਾਨਕ ਚੈਰੀਟੇਬਲ ਖੂਨਜਾਂਚ ਲੈਬੋਰੇਟਰੀ ਰਾਹੋਂ ਵਿਖੇ ਨੀਯਤ ਮਿਤੀ ਤੋਂ ਪਹਿਲਾਂ ਦਰਜ ਕਰਵਾਉਣ ਤਾਂ ਕਿ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੂੰ ਅਲੱਗ ਅਲੱਗ ਸਮੇਂ ਤੇ ਬੁਲਾਇਆ ਜਾ ਸਕੇ। ਉਨ੍ਹਾਂ ਦਸਿਆ ਕਿ ਲੋੜਵੰਦ ਸੱਜਣ ਆਪਣੇ ਨਾਮ 6 ਮਾਰਚ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਮੋਬਾਈਲ ਤੇ ਵੀ ਦਰਜ ਕਰਵਾ ਸਕਦੇ ਹਨ। ਉਨ੍ਹਾਂ ਨੇ ਮਰੀਜ਼ਾਂ ਨੂੰ ਕੈਂਪ ਦੌਰਾਨ ਮਾਸਕ ਆਦਿਕ ਪਹਿਨ ਕੇ ਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸ: ਜਗਜੀਤ ਸਿੰਘ ਬਾਟਾ, ਗੁਰਦੇਵ ਸਿੰਘ, ਗਿਆਨ ਚੰਦ, ਸੁਖਵਿੰਦਰ ਸਿੰਘ ਸਿਆਣ ਅਤੇ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।