ਕਮੇਟੀ ਵੱਲੋਂ ਚਾਰ ਹਫ਼ਤਿਆਂ ਵਿਚ ਸੌਂਪੀ ਜਾਵੇਗੀ ਵਿਸਥਾਰਤ ਰਿਪੋਰਟ-ਕੁਲਦੀਪ ਸਿੰਘ ਵੈਦ

ਨਵਾਂਸ਼ਹਿਰ, 23 ਜੂਨ : ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਛਾਣਬੀਣ ਕਰਨ ਲਈ ਅੱਜ ਪੰਜਾਬ ਵਿਧਾਨ ਸਭਾ ਕਮੇਟੀ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੀੜਤ ਕਿਸਾਨ ਰਣਜੀਤ ਸਿੰਘ ਨਾਲ ਮੁਲਾਕਾਤ ਕਰ ਕੇ ਬਿਆਨ ਦਰਜ ਕੀਤੇ ਗਏ। ਸਥਾਨਕ ਪੰਚਾਇਤ ਸੰਮਤੀ ਗੈਸਟ ਹਾਊਸ ਵਿਖੇ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਕਮੇਟੀ ਮੈਂਬਰ ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੀੜਤ ਕਿਸਾਨ ਨਾਲ ਵਿਸਥਾਰ ਵਿਚ ਗੱਲਬਾਤ ਕੀਤੀ ਅਤੇ ਬਿਆਨ ਕਲਮਬੱਧ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ 'ਤੇ ਹੋਏ ਅੱਤਿਆਚਾਰਾਂ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਵਿਧਾਨ ਸਭਾ ਦੀਆਂ ਸਾਰੀਆਂ ਪਾਰਟੀਆਂ ਦੇ ਪੰਜ ਵਿਧਾਇਕਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਉਨਾਂ ਤੋਂ ਇਲਾਵਾ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੁਲਬੀਰ ਸਿੰਘ ਜੀਰਾ, ਫ਼ਤਿਹਜੰਗ ਸਿੰਘ ਬਾਜਵਾ ਅਤੇ ਸਰਬਜੀਤ ਕੌਰ ਮਾਣੂਕੇ ਮੈਂਬਰ ਹਨ। ਉਨਾਂ ਦੱਸਿਆ ਕਿ ਇਹ ਕਮੇਟੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦਾ ਦੌਰਾ ਕਰ ਕੇ ਤੱਥ ਇਕੱਤਰ ਕਰ ਰਹੀ ਹੈ। ਉਨਾਂ ਦੱਸਿਆ ਕਿ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਪੀੜਤ ਕਿਸਾਨਾਂ ਨੂੰ ਚੰਡੀਗੜ ਬੁਲਾਉਣ ਦੀ ਬਜਾਏ ਆਪ ਹੀ ਜ਼ਿਲਿਆਂ ਵਿਚ ਜਾ ਕੇ ਉਨਾਂ ਕਿਸਾਨਾਂ ਦੇ ਬਿਆਨ ਕਲਮਬੱਧ ਕੀਤੇ ਜਾਣ, ਜਿਨਾਂ 'ਤੇ ਕਿਸਾਨ ਅੰਦੋਲਨ ਦੌਰਾਨ ਪੁਲਿਸ ਨੇ ਕੇਸ ਦਰਜ ਕੀਤੇ ਜਾਂ ਜੇਲਾਂ ਵਿਚ ਬੰਦ ਕੀਤਾ। ਉਨਾਂ ਦੱਸਿਆ ਕਿ ਦਿੱਲੀ ਦੇ ਪੁਲਿਸ ਥਾਣਿਆਂ ਜਾਂ ਤਿਹਾੜ ਜੇਲ ਵਿਚ ਕਿਸਾਨਾਂ 'ਤੇ ਜੋ ਤਸ਼ੱਦਦ ਹੋਇਆ, ਉਸ ਨੂੰ ਇਸ ਰਿਪੋਰਟ ਵਿਚ ਬੇਨਕਾਬ ਕੀਤਾ ਜਾਵੇਗਾ ਅਤੇ ਅਗਲੇ ਚਾਰ ਹਫ਼ਤਿਆਂ ਵਿਚ ਇਹ ਕਮੇਟੀ ਆਪਣੀ ਰਿੋਪਰਟ ਸੌਂਪ ਦੇਵੇਗੀ ਅਤੇ ਢੁਕਵੀਂ ਕਾਰਵਾਈ ਦੀ ਸਿਫ਼ਾਰਿਸ਼ ਵੀ ਕਰੇਗੀ। ਉਨਾਂ ਦੱਸਿਆ ਕਿ ਕਮੇਟੀ ਦੀ ਇਹ ਪੰਜਵੀਂ ਮੀਟਿੰਗ ਹੈ ਅਤੇ ਇਸ ਤੋਂ ਪਹਿਲਾਂ ਲੁਧਿਆਣਾ, ਮੋਗਾ, ਬਠਿੰਡਾ ਅਤੇ  ਮਾਨਸਾ ਵਿਖੇ ਅਜਿਹੀਆਂ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਤੱਕ 37 ਕਿਸਾਨਾਂ ਦੇ ਬਿਆਨ ਦਰਜ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸ ਤੋਂ ਬਾਅਦ ਕਮੇਟੀ ਵੱਲੋਂ ਜਲੰਧਰ, ਸੰਗਰੂਰ, ਅੰਮਿ੍ਰਤਸਰ ਅਤੇ ਗੁਰਦਾਸਪੁਰ ਵਿਖੇ ਵੀ ਪੀੜਤ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਜਿਹੜਾ ਵੀ ਵਿਅਕਤੀ ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਬਾਰੇ ਕਮੇਟੀ ਕੋਲ ਆਪਣਾ ਬਿਆਨ ਦਰਜ ਕਰਵਾਉਣਾ ਚਾਾਹੁੰਦਾ ਹੈ, ਉਹ ਇਨਾਂ ਮੀਟਿੰਗਾਂ ਦੌਰਾਨ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਹੱਕ ਮੰਗ ਰਹੇ ਕਿਸਾਨਾਂ 'ਤੇ ਦਿੱਲੀ ਪੁਲਿਸ ਵੱਲੋਂ ਕੀਤਾ ਗਿਆ ਤਸ਼ੱਦਦ ਬੇਹੱਦ ਨਿੰਦਣਯੋਗ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮੁੱਦੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨਾਂ ਵਿਸ਼ਵਾਸ ਦਿਵਾਇਆ ਕਿ ਪੀੜਤਾਂ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ। 
ਇਸ ਮੌਕੇ ਕਮੇਟੀ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੁਲਿਸ ਵੱਲੋਂ ਅੰਦੋਲਨਕਾਰੀ ਕਿਸਾਨਾਂ 'ਤੇ ਕੀਤਾ ਗਿਆ ਅੱਤਿਆਚਾਰ ਅਤੇ ਜੇਲਾਂ ਵਿਚ ਹੋਇਆ ਮਾੜਾ ਵਿਵਹਾਰ ਬੇਹੱਦ ਸ਼ਰਮਨਾਕ ਅਤੇ ਰੌਂਗਟੇ ਖੜੇ ਕਰਨ ਵਾਲਾ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਉਨਾਂ ਕਿਹਾ ਕਿ ਇਸ ਤਸ਼ੱਦਦ ਅਤੇ ਮਾੜੇ ਵਤੀਰੇ ਬਾਰੇ ਵਿਸਥਾਰਤ ਖੁਲਾਸਾ ਰਿਪੋਰਟ ਵਿਚ ਕੀਤਾ ਜਾਵੇਗਾ। ਇਸ ਮੌਕੇ ਗ੍ਰਹਿ ਮਾਮਲੇ ਵਿਭਾਗ ਪੰਜਾਬ ਦੇ ਵਧੀਕ ਸਕੱਤਰ ਬਲਦੀਪ ਕੌਰ, ਏ. ਆਈ. ਜੀ ਕ੍ਰਾਈਮ ਸੁਰਿੰਦਰਜੀਤ ਕੌਰ, ਵਿਧਾਨ ਸਭਾ ਕੋਆਰਡੀਨੇਟਰ ਅਫ਼ਸਰ ਗੁਰਕੀਰਤ ਸਿੰਘ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਡੀ. ਐਸ. ਪੀ ਸਵਿੰਦਰ ਪਾਲ ਸਿੰਘ, ਤਹਿਸੀਲਦਾਰ ਬਲਜਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। 
ਕੈਪਸ਼ਨ :- ਤਸ਼ੱਦਦ ਦਾ ਸ਼ਿਕਾਰ ਕਿਸਾਨ ਦੇ ਬਿਆਨ ਦਰਜ ਕਰਦੇ ਹੋਏ ਪੰਜਾਬ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਅਤੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ।