ਹੁਣ ਸਨਿੱਚਰਵਾਰ ਨੂੰ ਵੀ ਸੇਵਾ ਕੇਂਦਰਾਂ 'ਚ ਹੋਵੇਗਾ ਕੰਮਕਾਜ਼, ਸੇਵਾਵਾਂ ਹਾਸਲ ਕਰਨ ਵਾਲਿਆਂ ਲਈ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ
ਨਵਾਂਸ਼ਹਿਰ, 8 ਜੂਨ :- ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਮਹਾਮਾਰੀ ਦੀ ਸਥਿਤੀ ਵਿਚ ਕੁਝ ਸੁਧਾਰ ਹੋਣ ਦੇ ਮੱਦੇਨਜ਼ਰ ਸੇਵਾ ਕੇਂਦਰਾਂ ਦਾ ਪਹਿਲਾਂ ਵਾਲਾ ਸਮਾਂ ਬਹਾਲ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਹੁਣ 9 ਜੂਨ 2021 ਤੋਂ ਜ਼ਿਲੇ ਦੇ ਸਾਰੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ। ਉਨਾਂ ਇਹ ਵੀ ਦੱਸਿਆ ਕਿ ਹੁਣ ਸਮੂਹ ਸੇਵਾ ਕੇਂਦਰ ਸਨਿੱਚਰਵਾਰ ਵਾਲੇ ਦਿਨ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਿਆ ਕਰਨਗੇ। ਉਨਾਂ ਕਿਹਾ ਕਿ ਹਾਲਾਂਕਿ ਸੇਵਾ ਕੇਂਦਰਾਂ ਵਿਚੋਂ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਉਨਾਂ ਕਿਹਾ ਕਿ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਮੋਬਾਈਲ ਐਪ 'ਐਮ-ਸੇਵਾ', 'ਕੋਵਾ', ਸੇਵਾ ਕੇਂਦਰਾਂ ਦੀ ਵੈੱਬਸਾਈਟ ਜਾਂ ਮੋਬਾਈਲ ਨੰਬਰ 8968593812 ਅਤੇ 8968593813 ਉੱਤੇ ਸੰਪਰਕ ਕਰਕੇ ਅਗੇਤੀ ਪ੍ਰਵਾਨਗੀ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ਅੰਦਰ ਸਟਾਫ ਅਤੇ ਨਾਗਰਿਕਾਂ ਲਈ ਮਾਸਕ ਪਾਉਣ ਅਤਿ ਲਾਜ਼ਮੀ ਹੈ ਅਤੇ ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਊਂਟਰਾਂ ਦੀ ਗਿਣਤੀ ਅਨੁਸਾਰ ਹੀ ਪ੍ਰਾਰਥੀ ਜਾ ਸਕਣਗੇ। ਉਨਾਂ ਦੱਸਿਆ ਕਿ ਟਾਈਪ-1 ਸੇਵਾ ਕੇਂਦਰ ਵਿਚ 3 ਕਾਊਂਟਰਾਂ 'ਤੇ ਕੰਮ ਹੋਵੇਗਾ। ਇਸੇ ਤਰਾਂ ਟਾਈਪ-2 ਸੇਵਾ ਕੇਂਦਰਾਂ ਵਿਚ 2 ਅਤੇ ਟਾਈਪ-3 ਸੇਵਾ ਕੇਂਦਰਾਂ ਵਿਚ 1 ਕਾਊਂਟਰ ਕੰਮ ਕਰੇਗਾ। ਉਨਾਂ ਦੱਸਿਆ ਕਿ ਜ਼ਿਲੇ ਵਿਚ ਇਸ ਵੇਲੇ 17 ਸੇਵਾ ਕੇਂਦਰਾਂ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨਾਂ ਵਿਚ ਇਕ ਟਾਈਪ-1, ਚਾਰ ਟਾਈਪ-2 ਅਤੇ 12 ਟਾਈਪ-3 ਸੇਵਾ ਕੇਂਦਰ ਸ਼ਾਮਲ ਹਨ।