ਨਵਾਂਸ਼ਹਿਰ 27 ਜੂਨ (ਵਿਸ਼ੇਸ਼ ਪ੍ਰਤੀਨਿਧੀ) ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਵਿਚ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਉਣ ਲਈ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਡਾ. ਨਿਸ਼ਾ ਸ਼ਾਹੀ ਡਿਪਟੀ ਡਾਇਰੈਕਟਰ, ਦਫ਼ਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਅਤੇ ਡਾ. ਗੁਰਦੀਪ ਸਿੰਘ ਕਪੂਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਨਵਾਂਸ਼ਹਿਰ ਦੀ ਦਾਣਾ ਮੰਡੀ ਦੀਆਂ ਝੁੱਗੀ-ਝੌਂਪੜੀਆਂ ਵਿਚ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਬਚਾਉਣ ਲਈ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਤਿੰਨ ਦਿਨਾ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਨਿਸ਼ਾ ਸ਼ਾਹੀ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਇਸ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਜ਼ਿਲ੍ਹੇ ਵਿਚ ਪ੍ਰਵਾਸੀ ਪਰਿਵਾਰਾਂ ਦੇ 0-5 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ-19 ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਦੇ ਹੋਏ ਮਿਤੀ ਘਰ-ਘਰ ਜਾ ਕਿ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਨੇ ਪਲਸ ਪੋਲੀਓ ਬੂੰਦਾਂ ਪਿਲਾ ਰਹੀਆਂ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮ 'ਤੇ ਤਸੱਲੀ ਪ੍ਰਗਟਾਈ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਭਾਵੇਂ ਪਿਛਲੇ 10 ਸਾਲਾਂ ਦੌਰਾਨ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਪ੍ਰਸਾਰ ਅਜੇ ਵੀ ਜਾਰੀ ਹੈ। ਇਹ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਪੋਲੀਓ ਦੀਆਂ ਦੋ ਬੂੰਦਾਂ ਬੱਚਿਆਂ ਦੀ ਅਗਲੇਰੀ ਜ਼ਿੰਦਗੀ ਲਈ ਬੇਹੱਦ ਅਹਿਮ ਹਨ। ਇਸ ਲਈ ਮੈਂ ਜ਼ਿਲ੍ਹੇ ਦੇ ਸਾਰੇ ਪ੍ਰਵਾਸੀ ਮਾਪਿਆਂ ਨੂੰ ਅਗਲੇ ਦੋ ਦਿਨਾਂ ਵਿਚ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆ ਪੋਲਿਓ ਰੋਕੂ ਬੂੰਦਾਂ ਪਿਲਾਉਣ ਦੀ ਅਪੀਲ ਕਰਦਾ ਹਾਂ। ਡਾ. ਜਵਿੰਦਰਵੰਤ ਸਿੰਘ ਬੈਂਸ ਜਿਲ੍ਹਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਕੁੱਲ 2201 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਵਿਖੇ 246, ਬੰਗਾ ਵਿਖੇ 167, ਰਾਹੋਂ ਵਿਖੇ 131, ਬਲਾਚੌਰ ਅਰਬਨ 151, ਮੁਜੱਫਰਪੁਰ ਵਿਖੇ 520, ਮੁਕੰਦਪੁਰ ਵਿਖੇ 230, ਸੁੱਜੋਂ ਵਿਖੇ 119, ਸੜੋਆ ਵਿਖੇ 234, ਬਲਾਚੌਰ ਰੂਰਲ ਵਿਖੇ 403 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਜੋ ਬੱਚੇ ਪੋਲੀਓ ਬੂੰਦਾਂ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਮਿਤੀ 28 ਜੂਨ ਅਤੇ 29 ਜੂਨ ਨੂੰ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਡਾ:ਮਨਦੀਪ ਕਮਲ ਐਸ.ਐਮ.ਓ ਨਵਾਂਸ਼ਹਿਰ, ਡਾ:ਹਰਪਿੰਦਰ ਪੈਡੀਟ੍ਰੀਸ਼ੀਅਨ, ਸ੍ਰੀ ਅਜੈ ਕੁਮਾਰ ਪੀ ਏ ਟੂ ਸਿਵਲ ਸਰਜਨ, ਸ਼੍ਰੀਮਤੀ ਬਲਵਿੰਦਰ ਕੌਰ ਐਲ.ਐਚ.ਵੀ, ਸ਼੍ਰੀ ਜਗਤ ਰਾਮ ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਅਤੇ ਸੁਸ਼ੀਲ ਕੁਮਾਰ ਕੰਪਿਊਟਰ ਅਸਿਸਟੈਂਟ, ਆਸ਼ਾ ਵਰਕਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।