ਵਿਧਾਇਕ ਅੰਗਦ ਸਿੰਘ ਨੇ ਸਿੰਘੂ ਬਾਰਡਰ ’ਤੇ ਡਟੇ ਕਿਸਾਨਾਂ ਦੀ ਕੀਤੀ ਹੌਸਲਾ ਅਫ਼ਜ਼ਾਈ

*ਕਿਸਾਨਾਂ ਲਈ ਲੰਗਰ ਸੇਵਾ 'ਚ ਜੁਟੀਆਂ ਇਲਾਕੇ ਦੀਆਂ ਸ਼ਖਸੀਅਤਾਂ ਦੀ ਕੀਤੀ ਸ਼ਲਾਘਾ
ਨਵਾਂਸ਼ਹਿਰ, 4 ਜੂਨ :- ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਅੱਜ ਦਿੱਲੀ ਤੋਂ ਵਾਪਸ ਪਰਤਦਿਆਂ ਰਸਤੇ ਵਿਚ ਸਿੰਘੂ ਬਾਰਡਰ 'ਤੇ ਰੁਕ ਕੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 6 ਮਹੀਨਿਆਂ ਤੋਂ ਉਥੇ ਡਟੇ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦਾ ਅੰਨਦਾਤਾ ਇੰਨੇ ਲੰਬੇ ਸਮੇਂ ਤੋਂ ਕੜਾਕੇ ਦੀ ਠੰਢ ਅਤੇ ਅੱਤ ਦੀ ਗਰਮੀ ਵਿਚ ਸੜਕਾਂ 'ਤੇ ਰਹਿਣ ਲਈ ਮਜਬੂਰ ਹੈ। ਉਨਾਂ ਕਿਹਾ ਕਿ ਇਸ ਅੰਦੋਲਨ ਵਿਚ ਬਹੁਤ ਸਾਰੇ ਕਿਸਾਨ ਵੀਰ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ, ਪਰੰਤੂ ਕੇਂਦਰ ਦੀ ਨਿਰਦਈ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਅਤੇ ਉਸ ਦਾ ਅੜੀਅਲ ਰਵੱਈਆ ਉਸੇ ਤਰਾਂ ਜਾਰੀ ਹੈ। ਉਨਾਂ ਕਿਹਾ ਕਿ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨੀ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ, ਪਰੰਤੂ ਉਸ ਦੇ ਅਜਿਹੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਇਸ ਦੌਰਾਨ ਉਹ ਕਿਸਾਨਾਂ ਲਈ ਲੰਗਰ ਸੇਵਾ ਵਿਚ ਜੁਟੀਆਂ ਇਲਾਕੇ ਦੀਆਂ ਸ਼ਖਸੀਅਤਾਂ ਨੂੰ ਵੀ ਮਿਲੇ ਅਤੇ ਉਨਾਂ ਵੱਲੋਂ ਇਸ ਅੰਦੋਲਨ ਵਿਚ ਪਾਏ ਜਾ ਰਹੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਸ ਅੰਦੋਲਨ ਵਿਚ ਵੱਖ-ਵੱਖ ਸੰਸਥਾਵਾਂ ਅਤੇ ਸ਼ਖਸੀਅਤਾਂ ਵੱਲੋਂ ਜਿਸ ਸੇਵਾ ਭਾਵਨਾ ਨਾਲ ਸ਼ਿਰਕਤ ਕੀਤੀ ਜਾ ਰਹੀ ਹੈ, ਉਹ ਲਾਮਿਸਾਲ ਹੈ। ਉਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਚੜਦੀ ਕਲਾ ਇਹ ਦਰਸਾਉਂਦੀ ਹੈ ਕਿ ਜਿੱਤ ਜਲਦ ਹੀ ਉਨਾਂ ਦੇ ਕਦਮ ਚੁੰਮੇਗੀ। 
ਕੈਪਸ਼ਨ :-ਸਿੰਘੂ ਬਾਰਡਰ 'ਤੇ ਕਿਸਾਨਾਂ ਲਈ ਲੰਗਰ ਸੇਵਾ ਵਿਚ ਜੁਟੀਆਂ ਸ਼ਖਸੀਅਤਾਂ ਨਾਲ ਵਿਧਾਇਕ ਅੰਗਦ ਸਿੰਘ।