ਆਤਮ ਪਰਗਾਸ ਵੱਲੋਂ ਕਿਸਾਨੀ ਸੰਘਰਸ ਦੇ ਸ਼ਹੀਦ ਗੁਰਪ੍ਰੀਤ ਸਿੰਘ ਪਿੰਡ ਸਫ਼ੇਰਾ ਦੇ ਪਰਿਵਾਰ ਨੂੰ ਮਕਾਨ ਦੇ ਨਿਰਮਾਣ ਅਤੇ ਕੇਸਰ ਸਿੰਘ ਪਿੰਡ ਲੰਗ ਦੇ ਪਰਿਵਾਰ ਦੇ ਬੱਚਿਆਂ ਦੀ ਪੜਾਈ ਲਈ ਸਹਿਯੋਗ

ਪਟਿਆਲ਼ਾ , ਜੂਨ 22 :- ਕੇਂਦਰ ਸਰਕਾਰ ਦੇ ਕਿਸਾਨੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਲੱਖਾਂ ਕਿਸਾਨ ਪਿਛਲੇ ਸਾਲ ਤੋਂ ਦਿੱਲੀ ਵਿਖੇ ਸ਼ਾਂਤਮਈ ਧਰਨਾ ਲਾ ਕੇ ਬੈਠੇ ਹੋਏ ਹਨ।ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਲਈ ਆਤਮ ਪਰਗਾਸ ਸੋਸ਼ਲ ਵੈਲਫੇਅਰ ਕੌਂਸਲ ਮਸੀਹਾ ਬਣ ਕੇ ਬਹੁੜੀ ਹੈ।ਆਤਮ ਪਰਗਾਸ ਵੱਲੋਂ ਤਾਇਨਾਤ 25 ਨਿਸ਼ਕਾਮ ਟੀਮਾਂ ਵੱਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾਂ ਪਰਿਵਾਰਾਂ ਲਈ ਰੁਜਗਾਰ ਦੇ ਵਸੀਲੇ ਪੈਦਾ ਕਰਕੇ ਅਤੇ ਇਹਨਾਂ ਦੇ ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾ ਕੇ ਪੈਰਾਂ ਤੇ ਖੜ੍ਹਾ ਕੀਤਾ ਜਾ ਸਕੇ।ਆਤਮ ਪਰਗਾਸ ਦੇ ਚੇਅਰਮੈਨ ਅਤੇ ਉੱਘੇ ਭੂਮੀ ਵਿਿਗਆਨੀ ਡਾ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲੇ ਦੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀਆਂ ਲੋੜਾਂ ਦਾ ਜ਼ਾਇਜਾ ਲੈਣ ਲਈ ਤਿੰਨ ਟੀਮਾਂ ਪ੍ਰਿੰਸੀਪਲ ਨਿਧਾਨ ਸਿੰਘ ਜੈਖਰ, ਡਾ. ਪਰਮਪਾਲ ਸਿੰਘ ਅਤੇ ਡਾ. ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਕਾਰਜਸ਼ੀਲ ਹਨ। ਡਾ. ਵਰਿਮਦਰਪਾਲ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਸ਼ਹੀਦ ਹੋਏ 19 ਕਿਸਾਨਾਂ ਦੇ ਪਰਿਵਾਰਾਂ ਦਾ ਸਰਵੇਖਣ ਮੁਕੰਮਲ ਕਰ ਲਿਆ ਹੈ ਅਤੇ ਲੋੜਵੰਦ ਪਰਿਵਾਰਾਂ ਦੀ ਨੂੰ ਲੋੜੀਂਦੀ ਆਰਥਿਕ ਮਦਦ ਅਰੰਭ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿੰਡ ਸਫੇਰਾ ਦਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਅਤੇ ਕਿਸਾਨੀ ਮੋਰਚੇ ਦੌਰਾਨ ਦੁਰਘਟਨਾ ਵਿੱਚ ਸ਼ਹੀਦ ਹੋ ਗਿਆ ਸੀ ਅਤੇ ਉਸ ਦੇ ਮਾਪਿਆਂ ਦੀ ਮਾਨਸਿਕ, ਸਰੀਰਕ ਅਤੇ ਆਰਥਿਕ ਹਾਲਤ ਤਰਸਯੋਗ ਹੈ ਅਤੇ ਉਨ੍ਹਾਂ ਕੋਲ ਰਹਿਣ ਲਈ ਯੋਗ ਮਕਾਨ ਵੀ ਨਹੀਂ ਹੈ।ਆਤਮ ਪਰਗਾਸ ਸੰਸਥਾ ਨੇ ਪਰਿਵਾਰ ਦੇ ਰਹਿਣ ਲਈ ਮਕਾਨ ਦੀ ਉਸਾਰੀ ਲਈ 300000/- ਰੁਪਏ ਦੀ ਆਰਥਿਕ ਮਦਦ ਕਰ ਦਿੱਤੀ ਹੈ ਅਤੇ ਘਰ ਦੀ ਉਸਾਰੀ ਦੇ ਕੰਮ ਨੂੰ ਮੁਕੰਮਲ ਕਰਵਾਉਣ ਲਈ ਯਤਨਸ਼ੀਲ ਹੈ।ਪਟਿਆਲਾ ਜ਼ਿਲੇ ਦੇ ਪਿੰਡ ਲੰਗ ਦੇ ਸ਼ਹੀਦ ਕਿਸਾਨ ਸ. ਕੇਸਰ ਸਿੰਘ (ਲੰਬਰਦਾਰ) ਦੇ ਪਰਿਵਾਰ ਦੀ ਸਹਾਇਤਾ ਲਈ ਕੇਂਦਰੀ ਟੀਮ ਨੇ ਡਾ. ਤਜਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਪਰਿਵਾਰ ਦਾ ਦੌਰਾ ਕੀਤਾ ਅਤੇ ਬੱਚਿਆਂ ਦੀ ਸਕੂਲ ਦੀ ਫੀਸ ਲਈ 19600/- ਰੁਪਏ ਦੀ ਰਕਮ ਅਦਾ ਕੀਤੀ ਗਈ।ਪਰਿਵਾਰ ਦੀ ਲੜਕੀ ਨੂੰ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ।ਇਸ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਲਈ ਆਤਮ ਪਰਗਾਸ ਨੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਵਾਇਆ ਹੈ।ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇ ਨਾਲ ਸਨਮਾਨ ਚਿੰਨ੍ਹ ਅਤੇ ਕਿਤਾਬਾਂ ਭੇਟ ਕਰਕੇ ਸਨਮਾਨ ਕੀਤਾ ਗਿਆ।ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਬੂਟੇ ਲਗਾ ਕੇ ਉਨ੍ਹਾਂ ਦੀ ਯਾਦਗਰ ਸਥਾਪਿਤ ਕੀਤੀ ਗਈ।ਇਸ ਸਮੇਂ ਪਿੰਡ ਸਫੇਰਾ ਦੇ ਸਰਪੰਚ ਨਰਿੰਦਰ ਸਿੰਘ, ਪਿੰਡ ਲੰਗ ਦੇ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਰਣ ਸਿੰਘ, ਨੰਬਰਦਾਰ ਜਗਦੇਵ ਸਿੰਘ, ਪ੍ਰਿੰਸੀਪਲ ਨਿਧਾਨ ਸਿੰਘ ਜੈਖਰ, ਡਾ. ਪਰਮਪਾਲ ਸਿੰਘ, ਸ. ਮੇਜਰ ਸਿੰਘ ਨਾਭਾ, ਡਾ. ਗੁਰਤੇਗ ਸਿੰਘ, ਡਾ. ਗੁਰਪ੍ਰੀਤ ਸਿੰਘ, ਸ. ਸਿਮਰਪ੍ਰੀਤ ਸਿੰਘ ਅਤੇ ਸ. ਜਸ਼ਨਜੀਤ ਸਿੰਘ ਆਦਿ ਹਾਜ਼ਰ ਸਨ।
ਫ਼ੋਟੋ ਟਾਈਟਲ: ਕੇਸਰ ਸਿੰਘ ਪਿੰਡ ਲੰਗ ਅਤੇ ਗੁਰਪ੍ਰੀਤ ਸਿੰਘ ਪਿੰਡ ਸਫੇਰਾ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਆਤਮ ਪਰਗਾਸ ਦੇ ਮੈਂਬਰ।