ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦਾ ਵੱਧ ਤੋਂ ਵੱਧ ਨੌਜਵਾਨ ਲੈਣ ਲਾਹਾ: ਐਮ.ਪੀ ਮੁਨੀਸ਼ ਤਿਵਾੜੀ

23 ਜੂਨ ਤੱਕ ਬਗੈਰ ਕਿਸੇ ਲੇਟ ਫ਼ੀਸ ਲਿਆ ਜਾ ਸਕਦਾ ਹੈ ਦਾਖ਼ਲਾ
ਬਲਾਚੌਰ, 20 ਜੂਨ: ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ
ਮੰਤਰੀ ਮਨੀਸ਼ ਤਿਵਾੜੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬੱਲੋਵਾਲ ਸੌਂਖੜੀ
ਵਿਖੇ ਸਥਾਪਿਤ ਖੇਤੀਬਾੜੀ ਕਾਲਜ ਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਾਹਾ ਲੈਣ ਦੀ ਅਪੀਲ
ਕੀਤੀ ਹੈ, ਜਿੱਥੇ 23 ਜੂਨ ਤੱਕ ਬਗੈਰ ਕਿਸੇ ਲੇਟ ਫ਼ੀਸ ਤੋਂ ਦਾਖਲਾ ਲਿਆ ਜਾ ਸਕਦਾ ਹੈ।
ਕਾਲਜ ਵਿੱਚ ਬੀ ਐੱਸ ਸੀ ਐਗਰੀਕਲਚਰ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇੱਥੇ
ਜਾਰੀ ਇਕ ਬਿਆਨ ਚ ਐਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਖੇਤੀਬਾਡ਼ੀ ਕਾਲਜ ਦਾ ਕੰਢੀ
ਏਰੀਏ ਦੇ ਨੌਜਵਾਨਾਂ ਸਣੇ ਆਲੇ-ਦੁਆਲੇ ਦੇ ਖੇਤਰਾਂ ਵਿਦਿਆਰਥੀਆਂ ਨੂੰ ਵੀ ਫਾਇਦਾ
ਮਿਲੇਗਾ, ਜਿਨ੍ਹਾਂ ਨੂੰ ਲੁਧਿਆਣਾ ਸਥਿਤ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਜਾਣਾ ਪੈਂਦਾ
ਸੀ। ਉਨ੍ਹਾਂ ਨੇ ਕਿਹਾ ਕਿ ਬਾਰ੍ਹਵੀਂ ਪਾਸ ਕਰ ਚੁੱਕੇ ਜਾਂ ਪਾਸ ਕਰਨ ਵਾਲੇ ਵਿਦਿਆਰਥੀ
ਇਸ ਕਾਲਜ ਵਿੱਚ 23 ਜੂਨ ਤੱਕ ਬਗੈਰ ਕਿਸੇ ਲੇਟ ਫੀਸ ਅਤੇ 30 ਜੂਨ ਤੱਕ ਲੇਟ ਫ਼ੀਸ ਨਾਲ
ਦਾਖ਼ਲਾ ਲੈ ਸਕਦੇ ਹਨ। ਖੇਤੀਬਾੜੀ ਡਿਪਲੋਮਾ ਕਰ ਰਹੇ ਅਤੇ ਬਾਰ੍ਹਵੀਂ ਜਮਾਤ ਚ ਵਿਗਿਆਨ
ਦੇ ਵਿਸ਼ਿਆਂ ਨਾਲ ਪੇਪਰ ਦੇ ਚੁੱਕੇ ਵਿਦਿਆਰਥੀ ਵੀ ਨਤੀਜਾ ਆਉਣ ਤੋਂ ਪਹਿਲਾਂ ਕਾਲਜ ਚ
ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕ ਸਭਾ ਹਲਕੇ ਅੰਦਰ ਆਉਂਦੀਆਂ
ਪੰਚਾਇਤਾਂ ਦੇ ਮੈਂਬਰਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਅਪੀਲ
ਕੀਤੀ ਹੈ ਕਿ ਉਹ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਖੇਤੀਬਾੜੀ ਕਾਲਜ ਵਿੱਚ ਦਾਖ਼ਲਾ
ਲੈਣ ਲਈ ਪ੍ਰੇਰਿਤ ਕਰਨ, ਤਾਂ ਜੋ ਉਹ ਖੇਤੀਬਾੜੀ ਦੇ ਖੇਤਰ ਵਿੱਚ ਤਰੱਕੀ ਦੀਆਂ ਉਚਾਈਆਂ
ਨੂੰ ਛੂਹ ਸਕਣ।