ਪੰਜਾਬ ਸਰਕਾਰ 18-44 ਸਾਲ ਉਮਰ ਗਰੁੱਪ ਲਈ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜੀ ਲਿਆਵੇਗੀ-ਸੋਨੀ

ਅੰਮਿ੍ਤਸਰ, 13 ਜੂਨ : (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਸਰਕਾਰ ਵੱਲੋਂ ਹੁਣ 18-44 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਵਿੱਚ ਤੇਜੀ ਲਿਆਂਦੀ ਜਾ ਰਹੀ ਹੈ। ਟੀਕਾਕਰਨ ਤਰਜੀਹੀ ਗਰੁੱਪਾਂ ਵਾਸਤੇ ਹੋਵੇਗਾ ਜਿਸ ਵਿੱਚ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਬੇਰੀ ਗੇਟ ਆਈ ਟੀ ਆਈ ਵਿਖੇ ਲਗਵਾਏ ਵੈਕਸੀਨ ਕੈਂਪ ਮੌਕੇ ਦਿੰਦੇ ਕਿਹਾ ਕਿ ਪੰਜਾਬ ਨੂੰ ਭਾਰਤ ਸਰਕਾਰ ਵੱਲੋਂ ਜੋ ਵੀ ਖੁਰਾਕਾਂ ਮਿਲ ਰਹੀਆਂ ਹਨ, ਉਹ ਹਰ ਲੋੜਵੰਦ ਤੱਕ ਭੇਜੀ ਜਾ ਰਹੀ ਹੈ।  ਉਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਉਤੇ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗ ਤਰਜੀਹੀ ਗਰੁੱਪਾਂ ਵਿੱਚ ਸ਼ਾਮਲ ਕੀਤੇ ਗਏ ਹਨ, ਜਿੰਨਾ ਵਿੱਚ ਦੁਕਾਨਦਾਰ ਅਤੇ ਉਨਾਂ ਦਾ ਸਟਾਫ, ਜਿੰਮ ਮਾਲਕ ਤੇ ਜਿੰਮ ਟਰੇਨਰ, ਪ੍ਰਾਹੁਣਚਾਰੀ ਉਦਯੋਗ ਵਿੱਚ ਲੱਗਿਆ ਸਟਾਫ (ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ, ਕੇਟਰਰਜ਼) ਸਮੇਤ ਰਸੋਈਏ, ਬਹਿਰੇ (ਵੇਟਰ), ਉਦਯੋਗਿਕ ਕਾਮੇ, ਰੇਹੜੀ, ਫੜੀ ਵਾਲੇ ਖਾਸ ਕਰਕੇ ਖਾਣ ਵਾਲੇ ਉਤਪਾਦਾਂ ਜਿਵੇਂ ਕਿ ਜੂਸ, ਚਾਟ ਆਦਿ ਨਾਲ ਜੁੜੇ ਹੋਏ, ਡਿਲਵਿਰੀ ਦੇਣ ਵਾਲੇ, ਐਲ.ਪੀ.ਜੀ. ਦੀ ਵੰਡ ਵਾਲੇ, ਬੱਸ ਡਰਾਈਵਰ, ਕੰਡਕਟਰ, ਆਟੋ/ਟੈਕਸੀ ਡਰਾਈਵਰ, ਸਥਾਨਕ ਸਰਕਾਰਾਂ ਅਤੇ ਪੰਚਾਇਤੀ ਨੁਮਾਇੰਦੇ ਜਿਵੇਂ ਕਿ ਮੇਅਰ, ਕੌਂਸਲਰ, ਸਰਪੰਚ, ਪੰਚ, ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਮੈਂਬਰ ਅਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ 'ਤੇ ਹੋਰ ਕਿਸੇ ਨੂੰ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਹੁਣ ਤੱਕ 18-44 ਸਾਲ ਉਮਰ ਵਰਗ ਲਈ 17.25 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ 5.42 ਲੱਖ ਖੁਰਾਕਾਂ ਵਿੱਚੋਂ 501550 ਵਿਅਕਤੀਆਂ ਦੇ ਟੀਕੇ ਪਹਿਲਾਂ ਲਗਾਏ ਜਾ ਚੁੱਕੇ ਹਨ। ਅੱਜ ਕੈਂਪ ਵਿਚ ਵੀ 400 ਦੇ ਕਰੀਬ ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ। ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀ ਆਦੇਸ਼ ਮਹਿਰਾ, ਡਾਕਟਰ ਮਦਨ ਮੋਹਨ, ਡਾਕਟਰ ਹਰਦੀਪ ਸਿੰਘ ਅਤੇ ਹੋਰ ਸਖਸੀਅਤਾਂ ਹਾਜਰ ਸਨ।