ਨਵਾਂਸ਼ਹਿਰ 23 ਜੂਨ :- ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਦੇ ਕਿਸਾਨੀ ਮੋਰਚੇ ਵਿਚ ਸ਼ਾਮਲ ਹੋਣ ਲਈ ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੋਇਆ।ਕਿਸਾਨਾਂ ਦਾ ਇਹ ਟੈਂਪੂ ਟਰੈਵਲਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਜਗਤਾਰ ਭਿੰਡਰ ਦੀ ਅਗਵਾਈ ਵਿਚ ਰਵਾਨਾ ਹੋਇਆ।ਇਸ ਮੌਕੇ ਰਵਾਨਾ ਹੁੰਦਿਆਂ ਹਰਮੇਸ਼ ਸਿੰਘ ਢੇਸੀ ਨੇ ਕਿਹਾ ਭਾਵੇਂ ਇਹ ਦਿਨ ਕਿਸਾਨਾਂ ਦੇ ਝੋਨਾ ਲਾਉਣ ਦੇ ਹਨ ਪਰ ਫਿਰ ਵੀ ਕਿਸਾਨ ਘੋਲ ਦੀ ਅਹਿਮੀਅਤ ਨੂੰ ਸਮਝਦਿਆਂ ਦਿੱਲੀ ਮੋਰਚੇ ਵਲ ਜਾ ਰਹੇ ਹਨ।ਉਹਨਾਂ ਕਿਹਾ ਕਿ ਕਿਸਾਨ ਇਹ ਘੋਲ ਹਰ ਹਾਲਤ ਜਿੱਤਣਗੇ।ਇਸ ਜਥੇ ਨੂੰ ਰਵਾਨਾ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਅਤੇ ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਇਕ ਪਾਸੇ ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਮੋਦੀ ਸਰਕਾਰ ਵਿਰੁੱਧ ਕਰੋ ਜਾਂ ਮਰੋ ਦੀ ਲੜਾਈ ਲੜ ਰਹੇ ਹਨ ਦੂਜੇ ਪਾਸੇ ਕਈ ਪਾਰਟੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀਆਂ ਹਨ।ਸਿਆਸੀ ਪਾਰਟੀਆਂ ਦੀਆਂ ਅਜਿਹੀਆਂ ਸਰਗਰਮੀਆਂ ਵਿਰੁੱਧ ਪਿੰਡਾਂ ਵਿਚ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ।ਲੋਕਾਂ ਦਾ ਗੁੱਸਾ ਕੱਲ ਨੂੰ ਹੋਰ ਤਿੱਖਾ ਰੂਪ ਲੈ ਸਕਦਾ ਹੈ।ਇਸ ਮੌਕੇ ਉੱਤੇ ਗੁਰਬਖਸ਼ ਕੌਰ ਸੰਘਾ, ਸੁਰਜੀਤ ਕੌਰ ਉਟਾਲ, ਸਾਧੂ ਸਿੰਘ ਚੂਹੜ ਪੁਰ,ਜਸਬੀਰ ਸਿੰਘ ਮਹਾਲੋਂ, ਜਗਤਾਰ ਸਿੰਘ ਜਾਡਲਾ ਵੀ ਮੌਜੂਦ ਸਨ।
ਕੈਪਸ਼ਨ :ਨਵਾਂਸ਼ਹਿਰ ਤੋਂ ਦਿੱਲੀ ਰਵਾਨਾ ਹੁੰਦਾ ਹੋਇਆ ਕਿਰਤੀ ਕਿਸਾਨ ਯੂਨੀਅਨ ਦਾ ਜਥਾ।
ਕੈਪਸ਼ਨ :ਨਵਾਂਸ਼ਹਿਰ ਤੋਂ ਦਿੱਲੀ ਰਵਾਨਾ ਹੁੰਦਾ ਹੋਇਆ ਕਿਰਤੀ ਕਿਸਾਨ ਯੂਨੀਅਨ ਦਾ ਜਥਾ।