ਪਟਿਆਲਾ, 16 ਜੂਨ: - ਕੋਵਿਡ-19 ਸਮੇਂ ਛਾਤੀ ਦੇ ਕਰਵਾਏ ਜਾਂਦੇ ਸੀ.ਟੀ./ਐਚ.ਆਰ.ਸੀ.ਟੀ. ਸਕੈਨ ਦੀਆਂ ਕੀਮਤਾਂ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ 'ਚ ਸਪਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਪ੍ਰਾਈਵੇਟ ਸੈਂਟਰ ਛਾਤੀ ਦੇ ਸੀ.ਟੀ. ਸਕੈਨ ਤੇ ਐਚ.ਆਰ.ਸੀ.ਟੀ. ਲਈ ਦੋ ਹਜ਼ਾਰ ਰੁਪਏ (ਸਮੇਤ ਜੀ.ਐਸ.ਟੀ/ਟੈਕਸ) ਤੋਂ ਵੱਧ ਕੀਮਤ ਨਹੀਂ ਵਸੂਲੇਗਾ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਐਪੀਡੈਮਿਕ ਡਜ਼ੀਜ਼ ਐਕਟ 1897 (ਕੋਵਿਡ-19 ਰੈਗੂਲੇਸ਼ਨ 2021) ਦੀ ਵਰਤੋਂ ਕਰਦੇ ਹੋਏ ਸਾਰੇ ਪ੍ਰਾਈਵੇਟ ਡਾਇਗਨੋਸਟਿਕ ਸੈਂਟਰ ਜੋ ਛਾਤੀ ਦਾ ਸੀ.ਟੀ. ਸਕੈਨ ਕਰਦੇ ਹਨ, ਉਨ੍ਹਾਂ ਸੀ.ਟੀ ਸਕੈਨਾਂ ਦੀ ਕੀਮਤ ਦੋ ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ ਅਤੇ ਨਾਲ ਹੀ ਉਹ ਆਪਣਾ ਡਾਟਾ ਸਿਵਲ ਸਰਜਨ ਦਫ਼ਤਰ ਨਾਲ ਸਾਂਝਾ ਕਰਨਗੇ ਅਤੇ ਕੋਵਿਡ-19 ਟੈਸਟ ਲੈਬ ਦੀ ਪੁਸ਼ਟੀ ਤੋਂ ਬਿਨ੍ਹਾਂ ਆਪਣੇ ਪੱਧਰ 'ਤੇ ਸੀ.ਟੀ. ਸਕੈਨ ਨੂੰ ਦੇਖਕੇ ਕੋਵਿਡ ਪਾਜ਼ੀਟਿਵ ਜਾ ਨੈਗੇਟਿਵ ਰਿਪੋਰਟ ਨਹੀਂ ਦੇਣਗੇ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਿਵਲ ਸਰਜਨ ਪਟਿਆਲਾ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ ਅਤੇ ਇਸ ਸਬੰਧੀ ਨੋਡਲ ਅਫ਼ਸਰ ਨਿਯੁਕਤ ਕਰਨ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਹਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਡਾਇਗਨੋਸਟਿਕ ਸੈਂਟਰ ਸੀ.ਟੀ. ਸਕੈਨ ਤੇ ਐਚ.ਆਰ.ਸੀ.ਟੀ. ਸਬੰਧੀ ਆਪਣੀ ਰਿਪੋਰਟ ਹਰੇਕ ਹਫ਼ਤੇ ਸਿਵਲ ਸਰਜਨ ਦਫ਼ਤਰ ਵਿਖੇ ਜਮਾਂ ਕਰਵਾਉਣਾ ਯਕੀਨੀ ਬਣਾਉਣਗੇ ਅਤੇ ਡਾਇਗਨੋਸਟਿਕ ਸੈਂਟਰ ਸਕੈਨ ਦੀਆਂ ਕੀਮਤਾਂ ਦੀ ਲਿਸਟ ਸੈਂਟਰ 'ਚ ਢੁਕਵੇਂ ਸਥਾਨ 'ਤੇ ਲਗਾਉਣ ਦੇ ਪਾਬੰਦ ਵੀ ਹੋਣਗੇ।