ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ‘ਇਮਿਊਨਿਟੀ ਬੂਸਟਰ ਯੋਗਾ ਪ੍ਰੋਗਰਾਮ’ 19 ਤੋਂ-ਡੀ. ਸੀ

ਅਧਿਕਾਰੀ ਤੇ ਕਰਮਚਾਰੀ ਯੋਗ, ਪ੍ਰਾਣਾਯਾਮ ਅਤੇ ਮੈਡੀਟੇਸ਼ਨ ਦੁਆਰਾ ਸਿੱਖਣਗੇ ਇਮਿਊਨਿਟੀ ਵਧਾਉਣ ਦੇ ਤਰੀਕੇ
ਨਵਾਂਸ਼ਹਿਰ, 17 ਜੂਨ : ਕੋਵਿਡ ਮਹਾਮਾਰੀ ਦੇ ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਆਰਟ ਆਫ ਲਿਵਿੰਗ (ਵਿਅਕਤੀ ਵਿਕਾਸ ਕੇਂਦਰ) ਦੇ ਸਹਿਯੋਗ ਨਾਲ ਨਵਾਂਸ਼ਹਿਰ ਦੇ ਸਮੂਹ ਵਿਭਾਗੀ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸਿਹਤ ਸਬੰਧੀ ਚੁਣੌਤੀਆਂ ਨੂੰ ਵੇਖਦਿਆਂ 'ਇਮਿਊਨਿਟੀ ਬੂਸਟਰ ਯੋਗਾ ਪ੍ਰੋਗਰਾਮ' ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ 19 ਤੋਂ 21 ਜੂਨ ਤੱਕ ਆਨਲਾਈਨ ਵਿਧੀ ਰਾਹੀਂ ਕਰਵਾਇਆ ਜਾਵੇਗਾ, ਜਿਸ ਵਿਚ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਯੋਗ, ਪ੍ਰਾਣਾਯਾਮ ਅਤੇ ਮੈਡੀਟੇਸ਼ਨ ਦੁਆਰਾ ਇਮਿਊਨਿਟੀ ਵਧਾਉਣ ਦੇ ਤਰੀਕੇ ਸਿੱਖਣਗੇ, ਤਾਂ ਜੋ ਉਹ ਕੋਵਿਡ-19 ਦੀ ਚੁਣੌਤੀ ਦਾ ਬਹਾਦਰੀ ਨਾਲ ਸਾਹਮਣਾ ਕਰਕੇ ਆਪਣੀ ਡਿਊਟੀ ਨਿਭਾਅ ਸਕਣ। ਇਸ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਜ਼ਰੀਏ ਉਨਾਂ ਨੂੰ ਅਜਿਹੀਆਂ ਤਕਨੀਕਾਂ ਸਿਖਾਈਆਂ ਜਾਣਗੀਆਂ, ਜਿਨਾਂ ਨਾਲ ਉਹ ਤਣਾਅ ਮੁਕਤ ਮਹਿਸੂਸ ਕਰਨਗੇ ਅਤੇ ਉਨਾਂ ਦੀ ਇਮਿਊਨਿਟੀ ਵੀ ਵਧੇਗੀ। ਉਨਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਵਿਭਾਗੀ ਅਧਿਕਾਰੀ, ਸਟਾਫ ਅਤੇ ਅਧਿਆਪਕ ਹਿੱਸਾ ਲੈ ਸਕਣਗੇ। 
ਇਸ ਮੌਕੇ ਪੰਜਾਬ ਦੇ ਆਰਟ ਆਫ ਲਿਵਿੰਗ ਦੇ ਅਪੈਕਸ ਮੈਂਬਰ ਸੁਰੇਸ਼ ਗੋਇਲ ਅਤੇ ਜ਼ਿਲਾ ਕੋਆਰਡੀਨੇਟਰ ਮਨੋਜ ਕੰਡਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੂਰੀ ਤਰਾਂ ਮੁਫ਼ਤ ਹੈ, ਇਸ ਲਈ ਚਾਹਵਾਨ ਭਾਗੀਦਾਰਾਂ ਨੂੰ ਆਪਣੀ ਸਹੂਲਤ ਅਨੁਸਾਰ ਸਮਾਂ ਚੁਣ ਕੇ ਨਿਰਧਾਰਤ ਮਿਤੀ ਲਈ ਗੂਗਲ ਫਾਰਮ ਦੁਆਰਾ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਰਜਿਸਟਰ ਕਰਨਾ ਪਵੇਗਾ। ਉਨਾਂ ਕਿਹਾ ਕਿ ਪ੍ਰਤੀਭਾਗੀਆਂ ਨੂੰ ਪ੍ਰੋਗਰਾਮ ਤੋਂ ਅਨੁਮਾਨਤ ਲਾਭ ਪ੍ਰਾਪਤ ਕਰਨ ਲਈ ਪ੍ਰੋਗਰਾਮ ਦੇ ਸਾਰੇ ਸੈਸ਼ਨਾਂ ਵਿਚ ਸ਼ਾਮਲ ਹੋਣਾ ਪਵੇਗਾ। ਉਨਾਂ ਦੱਸਿਆ ਕਿ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਉਨਾਂ ਨੂੰ ਇੰਸਟ੍ਰੱਕਟਰ ਦੁਆਰਾ ਦਿੱਤੇ ਲਿੰਕ 'ਤੇ ਵਰਚੁਅਲ ਪਲੇਟਫਾਰਮ ਦੁਆਰਾ ਆਨਲਾਈਨ ਸ਼ਾਮਲ ਹੋਣਾ ਪਵੇਗਾ। ਉਨਾਂ ਦੱਸਿਆ ਕਿ ਇਸ ਕੋਰਸ ਤਹਿਤ 40 ਮਿੰਟ ਦੇ ਪੰਜ ਸੈਸ਼ਨ ਤਿੰਨ ਦਿਨਾਂ ਲਈ ਆਨਲਾਈਨ ਆਯੋਜਿਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਵਲੰਟੀਅਰਾਂ ਦੀ ਇਕ ਟੀਮ ਤਿਆਰ ਕੀਤੀ ਗਈ ਹੈ, ਜਿਨਾਂ ਵਿਚ ਰੰਜਨਾ ਬਜਾਜ, ਮੁਕੇਸ਼ ਰਾਣੀ, ਪੁਸ਼ਪਾ ਵਿਆਸ, ਰੇਨੂੰ ਕਾਮਰਾ, ਆਦਰਸ਼ ਬਾਲਾ, ਮਨੋਜ ਜਗਪਾਲ, ਹਤਿੰਦਰ ਖੰਨਾ, ਰਾਜਨ ਅਰੋੜਾ, ਰਮਨ ਮਲਹੋਤਰਾ, ਸੰਜੀਵ ਚੋਪੜਾ, ਪ੍ਰਦੀਪ ਭਸੀਨ, ਪ੍ਰਦੀਪ ਸ਼ਾਰਦਾ, ਰਾਜ ਕੁਮਾਰ, ਸਟੇਟ ਟੀਚਰ ਕੋਆਰਡੀਨੇਟਰ ਵਿਵੇਕ ਵਾਂਸਲ ਅਤੇ ਜ਼ਿਲਾ ਟੀਚਰ ਕੋਆਰਡੀਨੇਟਰ ਰਾਹੁਲ ਸਿੰਘ ਤੇ ਅਪੈਕਸ ਮੈਂਬਰ ਮਹਿੰਦਰ ਸਿੰਘ ਬੈਂਸ ਸ਼ਾਮਲ ਹਨ। 
ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਜਗਤ ਰਾਮ, ਆਯੂਸ਼ ਵਿਭਾਗ ਤੋਂ ਡਾ. ਨਿਰਪਾਲ ਸ਼ਰਮਾ, ਡਾ. ਅਮਰਪ੍ਰੀਤ ਕੌਰ ਢਿੱਲੋਂ, ਡਾ. ਪ੍ਰਦੀਪ ਅਰੋੜਾ ਅਤੇ ਆਰਟ ਆਫ ਲਿਵਿੰਗ ਤੋਂ ਸੰਜੀਵ ਦੁੱਗਲ ਹਾਜ਼ਰ ਸਨ।