ਬੰਗਾ 11ਜੂਨ :- ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਰਾਏ ਪੈਟਰੋਲ ਪੰਪ ਬੰਗਾ ਵਿਖੇ ਕਾਂਗਰਸ ਪਾਰਟੀ ਦੇ ਬੰਗਾ ਤੋਂ ਹਲਕਾ ਇੰਚਾਰਜ ਸਤਬੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ ਵਿੱਚ ਸਮੂਹ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਸਾਰੀ ਦੁਨੀਆਂ ਵਿੱਚ ਫੈਲੀ ਹੈ ਜਿੱਥੇ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਆਰਥਕ ਅਤੇ ਹੋਰ ਸਹੂਲਤਾਂ ਦਿੱਤੀਆਂ ਹਨ ਉਥੇ ਕੇਂਦਰ ਦੀ ਬੀਜੇਪੀ ਸਰਕਾਰ ਨਿੱਤ ਤੇਲ ਦੀਆਂ ਕੀਮਤਾਂ ਵਧਾ ਰਹੀ ਹੈ ਜਿਸ ਨਾਲ ਮਹਿੰਗਾਈ ਅਸਮਾਨ ਨੂੰ ਛੂਹਣ ਕਾਰਨ ਮੱਧ ਅਤੇ ਗ਼ਰੀਬ ਵਰਗ ਬੁਰੀ ਤਰ੍ਹਾਂ ਪੀਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਹ ਰੋਸ ਪ੍ਰਦਰਸ਼ਨ ਸਿਰਫ 20 ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਇਕੱਠ ਨਾਲ ਕੀਤਾ ਗਿਆ ਹੈ। ਇਸ ਮੌਕੇ ਮੋਹਨ ਲਾਲ ਸਾਬਕਾ ਐਮ ਐਲ ਏ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਕਾਰਨ ਟਰਾਂਸਪੋਰਟ ਦੇ ਭਾੜੇ ਬਹੁਤ ਵਧ ਗਏ ਹਨ ਜਿਸ ਕਾਰਨ ਹਰ ਚੀਜ਼ ਮਹਿੰਗੀ ਹੋ ਗਈ ਹੈ ਅੱਜ ਸਰੋਂ ਦੇ ਤੇਲ ਤੋਂ ਲੈ ਕੇ ਦਾਲਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਜਿਸ ਕਾਰਨ ਗ਼ਰੀਬ ਦੀ ਰਸੋਈ ਠੰਢੀ ਪੈ ਗਈ ਹੈ। ਇਸ ਮੌਕੇ ਠੇਕੇਦਾਰ ਰਾਜਿੰਦਰ ਸਿੰਘ, ਡਾ ਹਰਪ੍ਰੀਤ ਸਿੰਘ ਕੈਂਥ, ਡਾ ਬਖਸ਼ੀਸ਼ ਸਿੰਘ ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਹਰਭਜਨ ਸਿੰਘ ਭਰੋਲੀ, ਕੌਂਸਲਰ ਮੈਡਮ ਜਤਿੰਦਰ ਕੌਰ ਮੂੰਗਾ, ਪਵਨ ਗੁਣਾਚੌਰ, ਕੌਂਸਲਰ ਤਲਵਿੰਦਰ ਕੌਰ, ਸਚਿਨ ਘਈ ਅਤੇ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ। ਮੁੱਖ ਬੁਲਾਰਾ ਹਰੀ ਪਾਲ ਨੇ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ।