ਸਰੀਰਕ ਸਿੱਖਿਆ ਕਾਲਜ ਨੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਰਵਾਇਆ ਵਿਸ਼ੇਸ਼ ਲੈਕਚਰ

ਸੂਰਬੀਰ ਤੇ ਨਿਰਭੈ ਸੁਭਾਅ ਦੇ ਮਾਲਕ ਗੁਰੂ ਤੇਗ ਬਹਾਦਰ ਜੀ ਨੇ ਧਰਮ ਦਾ ਪ੍ਰਚਾਰ ਕੀਤਾ, ਸੱਚ ਦੇ ਮਾਰਗ 'ਤੇ ਚਲਦਿਆਂ ਅਡੋਲ ਅਵਸਥਾ 'ਚ ਸ਼ਹੀਦੀ ਪ੍ਰਾਪਤ ਕੀਤੀ-ਡਾ. ਗੁਰਬਾਜ਼ ਸਿੰਘ
ਪਟਿਆਲਾ, 16 ਜੂਨ:- ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ, ਪਟਿਆਲਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਦਰਭ 'ਚ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਕਾਲਜਾਂ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਵਿਸ਼ੇ 'ਤੇ ਆਨਲਾਈਨ ਵਿਸਤਾਰ ਲੈਕਚਰ ਕਰਵਾਇਆ। ਪ੍ਰਿੰਸੀਪਲ ਸ੍ਰੀਮਤੀ ਹਰਪਾਲ ਕੌਰ ਦੀ ਸਰਪ੍ਰਸਤੀ ਹੇਠ ਕਰਵਾਏ ਇਸ ਲੈਕਚਰ ਦੌਰਾਨ ਪ੍ਰਮੁੱਖ ਵਕਤਾ ਵਜੋਂ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਧਾਰਮਿਕ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਬਾਜ਼ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਦੱਸਿਆ ਕਿ ਗੁਰੂ ਜੀ ਸੰਤ ਸਰੂਪ ਅਤੇ ਸ਼ਸਤਰ ਵਿਦਿਆ ਦੇ ਮਾਹਿਰ ਸਨ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਜੀ ਵਿਦਵਾਨ, ਸੂਰਬੀਰ ਅਤੇ ਨਿਰਭੈ ਸੁਭਾਅ ਦੇ ਮਾਲਕ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਜੀ ਨੇ ਧਰਮ ਦਾ ਪ੍ਰਚਾਰ ਕੀਤਾ ਅਤੇ ਸੱਚ ਦੇ ਮਾਰਗ 'ਤੇ ਚਲਦਿਆਂ ਅਡੋਲ ਅਵਸਥਾ ਵਿਚ ਸ਼ਹੀਦੀ ਪ੍ਰਾਪਤ ਕੀਤੀ।ਲੈਕਚਰ ਦੇ ਆਖੀਰ 'ਤੇ ਕਾਲਜ ਪ੍ਰਿੰਸੀਪਲ ਹਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ ਸਿਖਿਆਵਾਂ 'ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਕਤਾ ਤੋਂ ਇਲਾਵਾ ਹਾਜਰ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਇਹ ਲੈਕਚਰ ਡਾ. ਤੇਜਿੰਦਰ ਸਿੰਘ ਨੇ ਆਯੋਜਿਤ ਕੀਤਾ ਅਤੇ ਪ੍ਰਬੰਧਨ ਪ੍ਰੋ. ਸਵਰਨ ਕੌਰ ਨੇ ਕੀਤਾ।ਇਸ ਦੌਰਾਨ ਕਾਲਜ ਦੇ ਡਾ. ਬਹਾਦਰ ਸਿੰਘ, ਡਾ. ਜਗਦੀਸ਼ ਸਿੰਘ, ਪ੍ਰੋ. ਪਰਮਜੀਤ ਸਿੰਘ, ਡਾ.ਜਸਵਿੰਦਰ ਸਿੰਘ, ਪ੍ਰੋ. ਅੰਮ੍ਰਿਤਪਾਲ ਸਿੰਘ, ਪ੍ਰੋ. ਪਰਮਜੀਤ ਸਿੰਘ, ਪ੍ਰੋ. ਇੰਦਰਦੀਪ ਸਿੰਘ, ਪ੍ਰੋ.ਪਰਮਜੀਤ ਕੌਰ, ਪ੍ਰੋ. ਸਿਮਰਜੀਤ ਕੌਰ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਰਹੇ।