ਨਵਾਂਸ਼ਹਿਰ 25 ਜੂਨ :- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ 26 ਜੂਨ ਨੂੰ 11 ਵਜੇ ਬੱਸ ਅੱਡਾ ਨਵਾਂਸ਼ਹਿਰ ਵਿਖੇ ਦੇਸ਼ ਵਿਚ ਐਂਮਰਜੈਂਸੀ ਲਾਉਣ ਦੇ 46 ਵਰ੍ਹੇ ਪੂਰੇ ਹੋਣ ਉੱਤੇ ਅਤੇ ਮੋਦੀ ਸਰਕਾਰ ਦੀ ਅਣ-ਐਲਾਨੀ ਐਂਮਰਜੈਂਸੀ ਦੇ ਵਿਰੋਧ ਵਿਚ ਕਨਵੈਂਨਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਦੇਸ਼ ਦੇ ਇਤਿਹਾਸ ਦੇ ਐਂਮਰਜੈਂਸੀ ਦੇ ਕਾਲੇ ਦੌਰ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਦੋਂ ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਐਂਮਰਜੈਂਸੀ ਲਾਈ ਸੀ। ਸਰਕਾਰ ਦੀ ਅਲੋਚਨਾ ਕਰਨ ਵਾਲੀ ਹਰ ਜੁਬਾਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਜਿਹਲਾਂ ਵਿਚ ਸੁੱਟਿਆ ਗਿਆ । ਅਖ਼ਬਾਰਾਂ ਉੱਤੇ ਸੈਂਸਰਸ਼ਿਪ ਲਾ ਦਿੱਤੀ ਗਈ, 83ਲੱਖ ਲੋਕਾਂ ਦੀ ਜਬਰੀ ਨਸਬੰਦੀ ਕੀਤੀ ਗਈ। 19 ਮਹੀਨੇ ਦਾ ਸਮਾਂ ਉਹ ਸਮਾਂ ਸੀ ਜਦੋਂ ਸ਼ਹਿਰੀ ਆਜਾਦੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ। ਉਹਨਾਂ ਕਿਹਾ ਕਿ ਅੱਜ ਮੋਦੀ ਸਰਕਾਰ ਨੇ ਆਪਣੇ ਫਾਸ਼ੀਵਾਦੀ ਅਜੰਡੇ ਨੂੰ ਅੱਗੇ ਤੋਰਨ ਲਈ ਅਣ ਐਲਾਨੀ ਐਂਮਰਜੈਂਸੀ ਲਾਈ ਹੋਈ ਹੈ। ਯੂ.ਏ.ਪੀ.ਏ. ਅਤੇ ਹੋਰ ਕਾਲੇ ਕਾਨੂੰਨਾਂ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਦੇਸ਼ ਦੇ ਨਾਮਵਰ ਬੁੱਧੀਜੀਵੀ, ਲੇਖਕ, ਕਵੀ, ਵਕੀਲ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ, ਆਗੂ ਮਨਘੜ੍ਹਤ ਕੇਸ ਬਣਾਕੇ ਜਿਹਲਾਂ ਵਿਚ ਸੁੱਟੇ ਹੋਏ ਹਨ। ਸਾਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਕਦਮਾਂ ਦਾ ਸਖਤ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਉੱਤੇ ਜਸਬੀਰ ਦੀਪ ਅਤੇ ਅਵਤਾਰ ਸਿੰਘ ਤਾਰੀ ਪਾਰਟੀ ਆਗੂ ਵੀ ਮੌਜੂਦ ਸਨ।
ਕੈਪਸ਼ਨ: : ਕਨਵੈਂਨਸ਼ਨ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ਅਤੇ ਅਵਤਾਰ ਸਿੰਘ ਤਾਰੀ ।
ਕੈਪਸ਼ਨ: : ਕਨਵੈਂਨਸ਼ਨ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ਅਤੇ ਅਵਤਾਰ ਸਿੰਘ ਤਾਰੀ ।