ਪਟਿਆਲਾ, 27 ਜੂਨ: ਰੈੱਡ ਕਰਾਸ ਪਟਿਆਲਾ ਵੱਲੋਂ ਸਿਵਲ ਸਰਜਨ ਡਾ. ਸਤਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕਮਿਊਨਿਟੀ ਹੈਲਥ ਸੈਂਟਰ ਮਾਡਲ ਟਾਊਨ ਪਟਿਆਲਾ ਦੇ ਸਹਿਯੋਗ ਨਾਲ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ 18 ਸਾਲ ਤੋਂ ਵੱਧ ਉਮਰ ਦੇ 30 ਦਿਵਿਆਂਗਜਨਾਂ ਅਤੇ ਆਮ ਵਿਅਕਤੀਆਂ ਨੂੰ ਪਹਿਲੀ ਅਤੇ ਦੂਜੀ ਡੋਜ਼ ਦੇ ਟੀਕੇ ਲਗਾਏ ਗਏ। ਡਿਪਟੀ ਕਮਿਸ਼ਨਰ ਪਟਿਆਲਾ ਕਮ- ਪ੍ਰਧਾਨ ਰੈੱਡ ਕਰਾਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੱਗੇ ਇਸ ਵਿਸ਼ੇਸ਼ ਕੈਂਪ ਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਵੈਕਸੀਨੇਸ਼ਨ ਨੂੰ ਹੁਲਾਰਾ ਦੇਣਾ ਹੈ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਟਿਆਲਾ ਦੇ ਸਕੱਤਰ ਕਮ- ਜ਼ਿਲ੍ਹਾ ਅੰਗਹੀਣਤਾ ਮੁੜ ਵਸੇਬਾ ਅਫ਼ਸਰ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਕੈਂਪ ਵਿੱਚ ਆਏ ਲਾਭਪਾਤਰੀਆਂ ਨੂੰ ਵੈਕਸੀਨੇਸ਼ਨ ਮੁਹਿੰਮ ਵਿੱਚ ਯੋਗਦਾਨ ਪਾਕੇ ਅਪਣਾ ਅਤੇ ਆਪਣਿਆਂ ਦਾ ਬਚਾਅ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ 2 ਜਲਾਈ ਤੱਕ ਚੱਲਣ ਵਾਲੇ ਇਨ੍ਹਾਂ ਕੈਂਪਾਂ ਦਾ ਆਯੋਜਨ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗਜਨ ਵਿਅਕਤੀਆਂ ਨੂੰ ਕਰੋਨਾ ਦੀ ਮਹਾਂਮਾਰੀ ਦੇ ਪ੍ਰਕੋਪ ਤੋ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਤੋ ਬਚਣ ਦਾ ਸਰਲ ਉਪਾਅ ਸਿਰਫ਼ ਵੈਕਸੀਨੇਸ਼ਨ, ਸਮਾਜਿਕ ਦੂਰੀ, ਮਾਸਕ ਦੀ ਵਰਤੋਂ ਅਤੇ ਵਾਰ ਵਾਰ ਹੱਥ ਧੋਣਾ ਹੀ ਹੈ। ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਟੀਕਾਕਰਨ ਲਈ ਆਏ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਰੈੱਡ ਕਰਾਸ ਪਟਿਆਲਾ ਦੀ ਟੀਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਕੈਂਪ ਵਿਚ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਮਾਜ ਸੇਵੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।