ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਪਿਛਲੇ ਚਾਰ ਸਾਲਾਂ ਦੌਰਾਨ 1423 ਨਸ਼ਾ ਤਸਕਰ ਭੇਜੇ ਜੇਲ-ਐਸ. ਐਸ. ਪੀ ਅਲਕਾ ਮੀਨਾ

ਨਵਾਂਸ਼ਹਿਰ, 25 ਜੂਨ : ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਨਸ਼ਾ ਮੁਕਤ ਪੰਜਾਬ ਪ੍ਰੋਗਰਾਮ' ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦਾ ਜੜ ਤੋਂ ਸਫ਼ਾਇਆ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਾਲ 2017 ਤੋਂ ਹੁਣ ਤੱਕ 1423 ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਉਨਾਂ ਨੂੰ ਜੇਲ ਭੇਜਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲਾ ਪੁਲਿਸ ਨਸ਼ਾ ਤਸਕਰਾਂ ਦਾ ਸਫ਼ਾਇਆ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਪਿਛਲੇ ਚਾਰ ਸਾਲਾਂ ਦੌਰਾਨ 1423 ਨਸ਼ਾ ਸਮੱਗਲਰਾਂ ਖਿਲਾਫ਼ 1131 ਮੁਕੱਦਮੇ ਦਰਜ ਕਰ ਕੇ 29 ਕੁਇੰਟਲ 20 ਕਿਲੋ ਡੋਡੇ ਚੂਰਾ ਪੋਸਤ, 31 ਕਿਲੋ 246 ਗ੍ਰਾਮ ਅਫੀਮ, 14 ਕਿਲੋ 737 ਗ੍ਰਾਮ ਹੈਰੋਇਨ, 12 ਕਿਲੋ 346 ਗ੍ਰਾਮ ਨਸ਼ੀਲਾ ਪਾਊਡਰ, 11 ਕਿਲੋ 565 ਗ੍ਰਾਮ ਗਾਂਜਾ, 10 ਕਿਲੋ 564 ਗ੍ਰਾਮ ਚਰਸ, 151029 ਗੋਲੀਆਂ/ਕੈਪਸੂਲ, 28657 ਨਸ਼ੀਲੇ ਟੀਕੇ, 1530 ਐਮ. ਐਲ ਨਸ਼ੀਲਾ ਤਰਲ ਪਦਾਰਥ, 10,74,710 ਰੁਪਏ ਦੀ ਡਰੱਗ ਮਨੀ, 9 ਪਿਸਟਲ, 88 ਕਾਰਤੂਸ ਅਤੇ 11 ਮੈਗਜ਼ੀਨ ਦੀ ਬਰਾਮਦਗੀ ਕੀਤੀ ਗਈ। ਉਨਾਂ ਦੱਸਿਆ ਕਿ ਇਸ ਸਮੇਂ ਦੌਰਾਨ ਨਸ਼ਾ ਤਸਕਰਾਂ ਵੱਲੋਂ ਤਸਕਰੀ ਰਾਹੀਂ ਬਣਾਈ ਗਈ ਕੁੱਲ 9 ਕਰੋੜ 32 ਲੱਖ 26 ਹਜ਼ਾਰ 445 ਰੁਪਏ ਦੀ ਜਾਇਦਾਦ ਵੀ ਜ਼ਿਲਾ ਪੁਲਿਸ ਵੱਲੋਂ ਜ਼ਬਤ ਕਰਵਾਈ ਗਈ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੌਰਾਨ ਭਗੌੜਾ ਕਰਾਰ ਦਿੱਤੇ 42 ਨਸ਼ਾ ਤਸਕਰਾਂ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਅਰਸੇ ਦੌਰਾਨ ਨਸ਼ਾ ਤਸਕਰਾਂ ਵੱਲੋਂ ਤਸਕਰੀ ਲਈ ਵਰਤੇ ਗਏ 26 ਵਾਹਨਾਂ ਦੀ ਨਿਲਾਮੀ ਕਰਵਾ ਕੇ 2 ਲੱਖ 13 ਹਜ਼ਾਰ ਰੁਪਏ ਦੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਜਮਾ ਕਰਵਾਈ ਗਈ। ਉਨਾਂ ਕਿਹਾ ਕਿ ਭਵਿੱਖ ਵਿਚ ਵੀ ਜ਼ਿਲਾ ਪੁਲਿਸ ਇਸੇ ਤਰਾਂ ਹੀ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਨ ਲਈ ਵਚਨਬੱਧ ਹੈ।