ਹੋਮ ਆਈਸੋਲੇਟ ਮਰੀਜ਼ਾਂ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਬਹੁਤ ਜ਼ਰੂਰੀ : ਡਾ ਜਸਦੇਵ ਸਿੰਘ

ਨਵਾਂਸ਼ਹਿਰ, 26 ਜੂਨ  : (ਬਿਊਰੋ)  ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਹਰਾ ਕੇ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਮੁਹਿੰਮ ਵਿੱਢੀ ਹੋਈ ਹੈ, ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ ਕੇਵਲ 50 ਐਕਟਿਵ ਮਰੀਜ਼ ਰਹਿ ਗਏ ਹਨ ਜੋ ਕਿ ਸੂਬੇ ਦੇ ਹੋਰਨਾਂ ਜ਼ਿਲਿਆਂ ਦੇ ਮੁਕਾਬਲੇ ਸਭ ਤੋਂ ਘੱਟ ਹਨ। ਸਹਾਇਕ ਸਿਵਲ ਸਰਜਨ ਡਾ ਜਸਦੇਵ ਸਿੰਘ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕੋਰੋਨਾ ਪਾਜੇਟਿਵ ਪਾਇਆ ਜਾਂਦਾ ਹੈ ਤਾਂ ਸਿਹਤ ਵਿਭਾਗ ਉਸ ਨੂੰ ਤੁਰੰਤ ਹੋਮ ਆਈਸੋਲੇਟ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਕੋਰੋਨਾ ਵਾਇਰਸ ਦੀ ਚੇਨ ਟੁੱਟ ਰਹੀ ਹੈ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ ਵਿਚ ਸਫਲਤਾ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੇਵਲ 50 ਐਕਟਿਵ ਕੇਸ ਰਹਿ ਗਏ ਹਨ, ਜਿਨ੍ਹਾਂ ਵਿਚੋਂ 38 ਕੋਵਿਡ-19 ਪਾਜੇਟਿਵ ਵਿਅਕਤੀ ਹੋਮ ਆਈਸੋਲੇਟ ਹਨ, ਜਦੋਂਕਿ ਬਾਕੀ ਮਰੀਜ਼ ਜ਼ਿਲ੍ਹੇ ਅੰਦਰ ਜਾਂ ਜ਼ਿਲ੍ਹੇ ਤੋਂ ਬਾਹਰ ਕੋਵਿਡ ਕੇਅਰ ਲੈਵਲ-2 ਅਤੇ ਲੈਵਲ-3 ਹਸਪਤਾਲਾਂ ਵਿੱਚ ਦਾਖਲ ਹਨ। ਡਾ. ਜਸਦੇਵ ਸਿੰਘ ਨੇ ਇਹ ਵੀ ਦੱਸਿਆ ਕਿ ਬਲਾਕ ਪੱਧਰੀ ਰੈਪਿਡ ਰਿਸਪਾਂਸ ਟੀਮਾਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸਿਹਤ ਉੱਤੇ ਨਿਗਰਾਨੀ ਰੱਖ ਰਹੀਆਂ ਹਨ ਅਤੇ ਜੇਕਰ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਸ ਨੂੰ ਪ੍ਰੋਟੋਕਾਲ ਅਨੁਸਾਰ ਕੋਵਿਡ ਕੇਅਰ ਲੈਵਲ-2 ਅਤੇ ਲੈਵਲ-3 ਦੀ ਸਹੂਲਤ ਵਿਚ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਕੇਸਾਂ ਦੇ ਵਾਧੇ ਨੂੰ ਰੋਕਣ ਲਈ ਹੋਮ ਆਈਸੋਲੇਸ਼ਨ ਦੀ ਜ਼ਿੰਮੇਵਾਰੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਕੋਵਾ ਐੱਪ ਵੀ ਡਾਊਨਲੋਡ ਕਰਨਾ ਚਾਹੀਦਾ ਹੈ। ਡਾ. ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜੇਟਿਵ ਵਿਅਕਤੀਆਂ ਨੂੰ ਹੋਮ ਆਈਸੋਲੇਟ ਕਰਕੇ ਮਿਸ਼ਨ ਫਤਹਿ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਆਪਣੀ ਸਿਹਤ ਦੀ ਬਿਹਤਰ ਢੰਗ ਨਾਲ ਦੇਖਰੇਖ ਕਰ ਰਹੇ ਹਨ। ਕੋਰੋਨਾ ਫ਼ਤਿਹ ਕਿੱਟਾਂ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਲਈ ਬੇਹੱਦ ਲਾਹੇਵੰਦ ਹਨ ਜਿਨ੍ਹਾਂ ਵਿੱਚ ਪਲਸ ਆਕਸਾਈਮੀਟਰ, ਥਰਮਾਮੀਟਰ, ਸਟੀਮਰ ਅਤੇ ਹੋਰ ਜ਼ਰੂਰੀ ਦਵਾਈਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਫਤਹਿ ਕਿੱਟਾਂ ਦੀ ਮਦਦ ਨਾਲ ਕੋਰੋਨਾ ਮਰੀਜ਼ ਛੇਤੀ ਸਿਹਤਯਾਬ ਹੋ ਰਹੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹੋਮ ਆਈਸੋਲੇਟ ਮਰੀਜ਼ਾਂ ਦੀ ਸਿਹਤ ਸੰਭਾਲ ਲਈ ਜਾਗਰੂਕਤਾ ਸਮੱਗਰੀ ਵੀ ਵੰਡੀ ਜਾ ਰਹੀ ਹੈ, ਜਿਸ ਵਿੱਚ ਸਿਹਤ ਵਿਭਾਗ ਵੱਲੋਂ ਸਾਰੀਆਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋ ਹੋਮ ਆਈਸੋਲੇਸ਼ਨ ਕੀਤੇ ਗਏ ਮਰੀਜ਼ਾਂ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜ਼ ਨੂੰ ਤਿੰਨ ਪਰਤੀ ਕੱਪੜੇ ਦਾ ਮਾਸਕ ਪਹਿਨ ਕੇ ਰੱਖਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਸਾਫ ਕਰਨੇ ਚਾਹੀਦੇ ਹਨ ਅਤੇ ਤੰਦਰੁਸਤ ਰਹਿਣ ਲਈ ਡਾਕਟਰ ਦੀ ਸਲਾਹ ਅਨੁਸਾਰ ਪੋਸਟਿਕ ਖਾਣਾ ਚਾਹੀਦਾ ਹੈ ਅਤੇ ਸੈਨੀਟਾਈਜਰ ਦੀ ਵਰਤੋਂ ਕਰਨੀ ਚਾਹੀਦੀ ਹੈ । ਮਰੀਜ਼ ਦਾ ਆਈਸੋਲੇਸ਼ਨ ਵਾਲਾ ਕਮਰਾ ਵੱਖਰਾ ਹੋਣਾ ਚਾਹੀਦਾ ਹੈ ਅਤੇ ਇਸ ਕਮਰੇ ਨੂੰ ਇੱਕ ਫੀਸਦੀ ਸੋਡੀਅਮ ਹਾਈਪੋਕਲੋਰਾਈਡ ਨਾਲ ਸਾਫ ਕਰਨਾ ਚਾਹੀਦਾ ਹੈ ਅਤੇ ਮਰੀਜ਼ ਨੂੰ ਦੂਸਰੇ ਪਰਿਵਾਰਕ ਮੈਂਬਰਾਂ ਤੋਂ ਵੱਖ ਰਹਿਣਾ ਚਾਹੀਦਾ ਹੈ ਅਤੇ ਆਪਸੀ ਦੂਰੀ 6 ਫੁੱਟ ਦੀ ਬਣਾ ਕੇ ਰੱਖਣੀ ਚਾਹੀਦੀ ਹੈ ।