ਨਸ਼ੇ ਦੇ ਕੋਹੜ ਨੂੰ ਖਤਮ ਕਰਨ ਵਿਚ ਆਮ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ
ਨਵਾਂਸ਼ਹਿਰ, 26 ਜੂਨ 2021 - ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਅੱਜ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਇਆ ਗਿਆ। ਇਸ ਸਾਲ ਨਜਾਇਜ਼ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਦਾ ਥੀਮ 'ਨਸ਼ਾਖੋਰੀ ਉੱਤੇ ਤੱਥ ਸਾਂਝੇ ਕਰੋ ਅਤੇ ਜਾਨਾਂ ਬਚਾਓ' ਸੀ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਵਿਖੇ ਚੱਲ ਰਹੇ ਕੋਵਿਡ ਰੋਕੂ ਟੀਕਾਕਰਨ ਕੇਂਦਰ ਦੀ ਚੈਕਿੰਗ ਉਪਰੰਤ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਨੂੰ ਸਮਰਪਿਤ ਆਮ ਲੋਕਾਂ ਲਈ ਇਕ ਸੁਨੇਹਾ ਦਿੱਤਾ ਹੈ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਨਸ਼ਾ ਪਰਿਵਾਰ ਦੇ ਭਵਿੱਖ ਨੂੰ ਬਰਬਾਦ ਕਰ ਦਿੰਦਾ ਹੈ, ਕਿਉਂਕਿ ਨਸ਼ੇ ਦਾ ਆਦੀ ਮਨੁੱਖ ਜਿੱਥੇ ਆਰਥਿਕ ਤੌਰ ਉੱਤੇ ਕਮਜ਼ੋਰ ਹੋ ਜਾਂਦਾ ਹੈ, ਉੱਥੇ ਸਮਾਜਿਕ ਤੌਰ ਉੱਤੇ ਹੀਣਭਾਵਨਾ ਦਾ ਸ਼ਿਕਾਰ ਹੋ ਕੇ ਮਾਨਸਿਕ ਪ੍ਰੇਸ਼ਾਨੀ ਵਿੱਚ ਉਲਝ ਕੇ ਰਹਿ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਕਾਰਨ ਵਿਅਕਤੀ ਦੇ ਸਰੀਰ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਨਸ਼ਿਆਂ ਦੇ ਖਾਤਮੇ ਲਈ ਆਰੰਭੇ ਗਏ ਨਸ਼ਾ ਮੁਕਤ ਭਾਰਤ ਅਭਿਆਨ ਵਿੱਚ ਸਾਨੂੰ ਸਭ ਨੂੰ ਅੱਗੇ ਆ ਕੇ ਨਸ਼ੇ ਦੇ ਖਿਲਾਫ਼ ਲੜਾਈ ਲੜਨੀ ਚਾਹੀਦੀ ਹੈ, ਕਿਉਂਕਿ ਨਸ਼ਿਆਂ ਦੀ ਇਹ ਅੱਗ ਜੋ ਅੱਜ ਕਿਸੇ ਹੋਰ ਦੇ ਘਰ ਲੱਗੀ ਹੋਈ ਹੈ, ਕੱਲ ਨੂੰ ਸਾਡੇ ਆਪਣੇ ਘਰ ਵੀ ਪਹੁੰਚ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਰੋਗੀਆਂ ਨੂੰ ਨਸ਼ੇੜੀ ਕਹਿ ਕੇ ਬੁਲਾਉਣਾ ਗਲਤ ਹੈ, ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਨਸ਼ਾ ਮੁਕਤ ਭਾਰਤ ਅਭਿਆਨ ਪ੍ਰੋਗਰਾਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਨੂੰ ਰਜਿਸਟਰਡ ਕਰਕੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਨਸ਼ਾ ਮੁਕਤ ਭਾਰਤ ਅਭਿਆਨ ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈੈ ਅਤੇ ਅਨੇਕਾਂ ਨੌਜਵਾਨਾਂ ਦੀ ਨਸ਼ੇ ਦੀ ਮਾੜੀ ਆਦਤ ਛੁਡਵਾ ਕੇ ਉਨ੍ਹਾਂ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਗਿਆ ਹੈ।