ਨਵਾਂਸ਼ਹਿਰ 11ਜੂਨ (ਵਿਸ਼ੇਸ਼ ਪ੍ਰਤੀਨਿਧੀ) ਅੱਜ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਦੀ ਪ੍ਰਧਾਨਗੀ ਹੇਠ ਆਪ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ/ਕਮ ਚੇਅਰਪਰਸਨ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਭਰ ਵਿੱਚ ਫਲੈਕਸ ਬੋਰਡ ਲਗਾਕੇ ਇਹ ਪ੍ਰਚਾਰ ਕੀਤਾ ਸੀ ਕਿ ਅਸੀਂ ਪੰਜਾਬ ਦੇ 75% ਲੋਕਾਂ ਦਾ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5ਲੱਖ ਰੁਪਏ ਤੱਕ ਦਾ ਫਰੀ ਇਲਾਜ ਕਰ ਰਹੇ ਹਨ ਪਰ ਸਚਾਈ ਇਸਦੇ ਬਿਲਕੁਲ ਉਲਟ ਹੈ ਅਤੇ ਇਥੇ ਦੱਸਣਯੋਗ ਗੱਲ ਇਹ ਹੈ ਕਿ ਨਵਾਂਸ਼ਹਿਰ ਜ਼ਿਲ੍ਹੇ ਦਾ ਕੋਈ ਵੀ ਹਸਪਤਾਲ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਕਾਰਡ ਉਤੇ ਕਿਸੇ ਦਾ ਵੀ ਫਰੀ ਇਲਾਜ ਨਹੀਂ ਕਰ ਰਿਹਾ ਹੈ ਅਤੇ ਨਾ ਹੀ ਇਹ ਫਰੀ ਇਲਾਜ ਵਾਲਾ ਕਾਰਡ ਕਿਸੇ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਕੰਮ ਆ ਰਿਹਾ ਹੈ । ਇਸ ਵਕਤ ਨਵਾਂਸ਼ਹਿਰ ਜ਼ਿਲ੍ਹੇ ਦਾ ਕੋਈ ਵੀ ਹਸਪਤਾਲ ਇਸ ਫਰੀ ਇਲਾਜ ਵਾਲੀ ਸਕੀਮ ਅਧੀਨ ਸੂਚੀਬੱਧ ਨਹੀਂ ਹੈ । ਇਹ ਸਭ ਸਿਹਤ ਵਿਭਾਗ ਅਤੇ ਇਫ਼ਕੋ ਟੋਕੀਓ ਇੰਨਸ਼ੋਰੈਂਸ ਕੰਪਨੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਕਰਕੇ ਰਲਮਿਲ ਕੇ ਮੋਟੀ ਕਮਾਈ ਖਾਣ ਕਰਕੇ ਹੋ ਰਿਹਾ ਹੈ। ਕਿਉਕਿ ਪੰਜਾਬ ਸਰਕਾਰ ਨਾਲ ਇੰਨਸ਼ੋਰੈਂਸ ਕੰਪਨੀ ਨੇ ਪੰਜਾਬ ਦੇ ਲੋਕਾਂ ਨੂੰ ਫ਼ਰੀ ਇਲਾਜ ਦੇਣ ਬਦਲੇ 600ਕਰੋੜ ਰੁਪਏ ਦੀ ਮੋਟੀ ਰਕਮ ਲੈਕੇ ਲੋਕਾਂ ਦੀ ਇੰਨਸ਼ੋਰੈਂਸ ਪਾਲਿਸੀ ਕੀਤੀ ਹੈ ਅਤੇ ਪੰਜਾਬ ਸਰਕਾਰ ਦੁਆਰਾ ਅਡਵਾਂਸ ਵਿਚ ਹੀ ਇਸ ਇੰਨਸ਼ੋਰੈਂਸ ਕੰਪਨੀ ਨੂੰ 600ਕਰੌੜ ਰੁਪਏ ਦੀ ਰਾਸ਼ੀ ਅਦਾ ਕੀਤੀ ਹੋਈ ਹੈ ਅਤੇ ਹੁਣ ਲੋਕਾਂ ਨੂੰ ਇਲਾਜ ਨਾ ਦੇਕੇ ਅਤੇ ਨਵਾਂਸ਼ਹਿਰ ਦੇ ਸੂਚੀਬੱਧ ਹਸਪਤਾਲਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਵਿੱਚੋਂ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਬਾਹਰ ਕਰਕੇ ਮੋਟਾ ਕਮਿਸ਼ਨ ਖਾਂਦਾ ਜਾ ਰਿਹਾ ਹੈ ਅਤੇ ਜੋ ਪੈਸਾ ਇੰਨਸ਼ੋਰੈਂਸ ਕੰਪਨੀ ਨੇ ਇਨ੍ਹਾਂ ਹਸਪਤਾਲਾਂ ਨੂੰ ਲੋਕਾਂ ਦੇ ਫਰੀ ਇਲਾਜ ਕਰਨ ਬਦਲੇ ਦੇਣਾ ਸੀ ਅਤੇ ਹੁਣ ਨਵਾਂਸ਼ਹਿਰ ਦੇ ਸਾਰੇ ਹਸਪਤਾਲਾਂ ਨੂੰ ਇਸ ਸਕੀਮ ਵਿਚੋਂ ਬਾਹਰ ਕੱਢਣ ਪਿਛੇ ਵੀ ਇਹੀ ਕਾਰਨ ਹੈ ਕਿ ਕਮਿਸ਼ਨ ਦੇ ਤੌਰ ਤੇ ਮੋਟਾ ਪੈਸਾ ਇਕੱਠਾ ਕੀਤਾ ਜਾ ਸਕੇ। ਲੋਕਾਂ ਦੇ ਟੈਕਸ ਦੇ ਪੈਸੇ ਨੂੰ ਸਿਹਤ ਮੰਤਰੀ ਕਿਵੇਂ ਮਿਲੀਭੁਗਤ ਕਰਕੇ ਆਪਣੀ ਅਤੇ ਆਪਣੇ ਐਮ.ਐਲ.ਏ ਦੀਆਂ ਜੇਬਾਂ ਭਰ ਰਿਹਾ ਹੈ, ਇਸ ਤੋਂ ਪਰਦਾ ਚੁੱਕਣ ਲਈ ਹੀ ਅੱਜ ਇਹ ਵਫ਼ਦ ਡੀਸੀ ਦਫ਼ਤਰ ਪਹੁੰਚਿਆ ਸੀ ਅਤੇ ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਨਵਾਂਸ਼ਹਿਰ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਜਲਦ ਤੋਂ ਜਲਦ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਤਹਿਤ ਸੂਚੀਬੱਧ ਕਰਕੇ ਲੋਕਾਂ ਨੂੰ ਫਰੀ ਇਲਾਜ ਮੁਹੱਈਆ ਕਰਵਾਇਆ ਜਾਵੇ। ਕਿਉਕਿ ਲੌਕਡਾਊਨ ਹੋਣ ਕਰਕੇ ਲੋਕਾਂ ਦਾ ਕੰਮ ਕਾਜ ਪਹਿਲਾਂ ਹੀ ਠੱਪ ਹੋ ਚੁੱਕਾ ਹੈ ਅਤੇ ਉਹ ਹੁਣ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਇਸ ਲਈ ਤੁਰੰਤ ਇਹ ਫਰੀ ਇਲਾਜ ਵਾਲੇ ਕਾਰਡ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਚਲਾਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ । ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਅਟਵਾਲ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਚਰਨਜੀਤ ਕਟਾਰੀਆ, ਭਗਵਾਨ ਦਾਸ ਨਵਾਂਸ਼ਹਿਰ, ਲੱਡੂ ਮਹਾਲੋਂ ਆਦਿ ਸਾਥੀ ਹਾਜ਼ਰ ਸਨ।