ਨਵਾਂਸ਼ਹਿਰ ’ਚੋਂ ਲੰਘਦੀ ਚੰਡੀਗੜ ਰੋਡ ਦੇ ਕਾਇਆ ਕਲਪ ਲਈ 5.27 ਕਰੋੜ ਰੁਪਏ ਮਨਜ਼ੂਰ-ਮਨੀਸ਼ ਤਿਵਾੜੀ

ਨਵਾਂਸ਼ਹਿਰ, 28 ਜੂਨ : ਨਵਾਂਸ਼ਹਿਰ 'ਚੋਂ ਲੰਘਦੀ 9 ਕਿਲੋਮੀਟਰ ਲੰਬੀ ਚੰਡੀਗੜ ਰੋਡ ਦੇ ਕਾਇਆ ਕਲਪ ਲਈ ਕੌਮੀ ਹਾਈਵੇਅ ਅਥਾਰਟੀ ਤੋਂ 5.27 ਕਰੋੜ ਰੁਪਏ ਮਨਜ਼ੂਰ ਕਰਵਾ ਲਏ ਗਏ ਹਨ ਅਤੇ ਜਲਦ ਹੀ ਇਸ ਸੜਕ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਅੱਜ ਵਿਧਾਇਕ ਅੰਗਦ ਸਿੰਘ ਅਤੇ ਪੰਜਾਬ ਲਾਰਜ ਇੰਡਸਟ੍ਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਦੀ ਮੌਜੂਦਗੀ ਵਿਚ ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਇਕ ਕਰ ਰਹੀ ਹੈ ਅਤੇ ਇਸ ਤਹਿਤ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਬਾਵਜੂਦ ਵਿਕਾਸ ਕਾਰਜਾਂ ਵਿਚ ਕੋਈ ਖੜੋਤ ਨਹੀਂ ਆਉਣ ਦਿੱਤੀ ਗਈ। ਉਨਾਂ ਨਵੇਂ ਚੁਣੇ ਗਏ ਸਮੂਹ ਕੌਂਸਲਰਾਂ ਨੂੰ ਤਾਕੀਦ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਉਣ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨੀਆਂ ਯਕੀਨੀ ਬਣਾਉਣ। ਉਨਾਂ ਨਗਰ ਕੌਂਸਲ ਦੀ ਪਲੇਠੀ ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਦੇ ਹਿੱਤ ਵਿਚ ਲਏ ਗਏ ਫ਼ੈਸਲਿਆਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਨਕਸ਼ਾ ਫੀਸ ਘਟਾਉਣ ਨਾਲ ਸ਼ਹਿਰ ਵਾਸੀਆਂ ਨੂੰ ਵੱਡਾ ਲਾਭ ਹੋਵੇਗਾ। ਉਨਾਂ ਕਿਹਾ ਕਿ ਕੂੜੇ ਦੇ ਡੰਪ ਨੂੰ ਤਬਦੀਲ ਕਰਵਾਉਣ ਵਿਚ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ। ਇਸ ਦੌਰਾਨ ਉਹ ਸਫ਼ਾਈ ਕਰਮੀਆਂ ਨੂੰ ਵੀ ਮਿਲੇ ਅਤੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨਾਂ ਦੇ ਮਸਲੇ ਹੱਲ ਕਰਵਾਉਣ ਲਈ ਉਹ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ ਅਤੇ ਸਮੂਹ ਕੌਂਸਲਰ ਹਾਜ਼ਰ ਸਨ। ਇਸ ਤੋਂ ਪਹਿਲਾਂ ਉਨਾਂ ਰਾਹੋਂ ਨਗਰ ਕੌਂਸਲ ਵਿਖੇ ਵੀ ਪ੍ਰਧਾਨ ਅਮਰਜੀਤ ਸਿੰਘ ਅਤੇ ਨਵੇਂ ਚੁਣੇ ਕੌਂਸਲਰਾਂ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਕੈਪਸ਼ਨ :-ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿਖੇ ਕੌਂਸਲਰਾਂ ਨਾਲ ਮੀਟਿੰਗ ਕਰਦੇ ਹੋਏ ਐਮ. ਪੀ ਮਨੀਸ਼ ਤਿਵਾੜੀ। ਨਾਲ ਹਨ ਵਿਧਾਇਕ ਅੰਗਦ ਸਿੰਘ, ਪ੍ਰਧਾਨ ਸਚਿਨ ਦੀਵਾਨ ਅਤੇ ਹੋਰ।