ਪੰਜਾਬ ਵਿਚ ਕਰੋਨਾ ਦੇ ਹੋਏਕਰੀਬ 73ਲੱਖ ਟੈਸਟ-ਸੋਨੀ

ਅੰਮ੍ਰਿਤਸਰ ਜਿਲ੍ਹੇ ਵਿਚ ਕਰੋਨਾਂ ਟੈਸਟਿੰਗ ਵਧਾਉਣ ਦੇ ਦਿੱਤੇ ਨਿਰਦੇਸ਼, ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬਲੈਕ ਫੰਗਸ  ਦੇ 11 ਮਰੀਜ਼ ਦਾਖਲ
ਅੰਮ੍ਰਿਤਸਰ 7 ਜੂਨ: (ਵਿਸ਼ੇਸ਼ ਪ੍ਰਤੀਨਿਧੀ) ਕਰੋਨਾ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਸਥਾਨਕ ਸਰਕਟ ਹਾਊਸ ਵਿਖੇ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਮੇਅਰ ਨਗਰ ਨਿਗਮ ਸ਼: ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਕਮਿਸਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਸ੍ਰੀ ਰਜੀਵ ਦੇਵਗਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਲਹਿਰ ਦੇ ਤੀਜੇ ਖਦਸ਼ੇ ਨੂੰ ਦੇਖਦਿਆਂ ਹੋਇਆਂ ਪ੍ਰਸਾਸ਼ਨ ਵੱਲੋਂ ਪੂਰੇ ਇੰਤਜਾਮ ਕਰ ਲਏ ਗਏ ਹਨ  ਅਤੇ ਬੱਚਿਆਂ ਲਈ ਵੱਖਰੇ ਵਾਰਡ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਰਡਾਂ ਨੂੰ ਪੂਰੀ ਤਰ੍ਹਾਂ ਮੈਡੀਕਲ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਪ੍ਰਮਾਤਮਾ ਕਰੇ ਕਿ ਤੀਜੀ ਲਹਿਰ ਨਾ ਹੀ ਆਵੇ ਪਰ ਜੇਕਰ ਆਉਂਦੀ ਵੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਸ੍ਰੀ ਸੋਨੀ ਨੇ ਕਰੋਨਾ ਦੀ ਮੌਜੂਦਾ ਸਥਿਤੀ ਦਾ ਜਾਇਜਾ ਲੈਂਦਿਆਂ ਦੱਸਿਆ ਕਿ ਕਰੋਨਾ ਦੇ ਕੇਸ 50 ਫੀਸਦੀ ਤੋਂ ਜਿਆਦਾ ਘੱਟ ਗਏ ਹਨ ਅਤੇ ਮੌਤ ਦਰ ਵਿੱਚ ਵੀ ਕਾਫੀ ਕਮੀ ਆਈ ਹੈ। ਸ੍ਰੀ ਸੋਨੀ ਨੇ ਕਿਹਾ ਕਿ ਜਿਥੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ 1100 ਦੇ ਕਰੀਬ ਕਰੋਨਾ ਦੇ ਮਰੀਜ ਦਾਖਲ ਸਨ ਉਹ ਘੱਟ ਕੇ ਕੇਵਲ 325 ਰਹਿ ਗਏ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਮੌਜੂਦਾ ਸਮੇਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬਲੈਕ ਫੰਗਜ ਦੇ 11 ਮਰੀਜ ਦਾਖਲ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸ੍ਰੀ ਸੋਨੀ ਨੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਜਿਲੇ੍ਹ ਵਿੱਚ ਕਰੋਨਾ ਦੀ ਟੈਸਟਿੰਗ ਵਧਾਈ ਜਾਵੇ। ਸ੍ਰੀ ਸੋਨੀ ਨੇ ਦੱਸਿਆ ਕਿ ਪੂਰੈ ਪੰਜਾਬ ਵਿੱਚ ਹੁਣ ਤੱਕ ਤਿੰਨ ਮੈਡੀਕਲ ਕਾਲਜਾਂ ਅਤੇ 4 ਸਰਕਾਰੀ ਲੈਬਾਰਟਰੀਆਂ ਵਿੱਚ 7260286 ਕਰੋਨਾ ਦੇ ਟੈਸਟ ਹੋ ਚੁੱਕੇ ਹਨ ਜਿੰਨਾਂ ਵਿੱਚੋਂ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 2033178, ਪਟਿਆਲਾ ਮੈਡੀਕਲ ਕਾਲਜ 2395518, ਫਰੀਦਕੋਟ 1875827, ਲੁਧਿਆਣਾ 312321, ਜਲੰਧਰ 214199, ਐਫ:ਐਸ:ਐਲ ਮੁਹਾਲੀ 221022 ਅਤੇ ਪੀ:ਬੀ:ਟੀ ਮੁਹਾਲੀ ਵਿਖੇ 208221 ਟੈਸਟ ਕੀਤੇ ਗਏ ਹਨ ,  ਜਿੰਨਾਂ ਵਿਚੋਂ 324147 ਕੇਸ ਪਾਜਟਿਵ ਪਾਏ ਗਏ ਹਨ ਅਤੇ ਹੁਣ ਤੱਕ 5030 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪ੍ਰੈਸ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਸੋਨੀ ਨੇ ਦੱਸਿਆ ਕਿ ਜਿਲੇ੍ਹ ਵਿੱਚ ਅਜੇ ਵੀ ਲਏ ਗਏ ਸੈਂਪਲਾਂ ਵਿੱਚੋਂ 8 ਫੀਸਦੀ ਤੋਂ ਜਿਆਦਾ ਕੇਸ ਪਾਜਟਿਵ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਕੇਸ ਘਟਣ ਨਾਲ ਹੀ ਦੁਕਾਨਦਾਰਾਂ ਨੂੰ ਹੋਰ ਰਿਅਇਤਾਂ ਦਿੱਤੀਆਂ ਜਾਣਗੀਆਂ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਸੋਨੀ ਨੇ ਦੱਸਿਆ ਕਿ ਬਲੈਕ ਫੰਗਸ  ਦੇ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਲੋੜ ਮੁਤਾਬਿਕ ਉਨ੍ਹਾਂਨੂੰ ਵੈਕਸੀਨ ਵੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਜਿੰਨੀ ਵੀ ਵੈਕਸੀਨ ਭੇਜੀ ਜਾ ਰਹੀ ਹੈ ਉਹ ਸਾਰੇ ਸਰਕਾਰੀ ਹਸਪਤਾਲਾਂ ਅਤੇ  ਵੱਖ ਵੱਖ ਥਾਂਵਾਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਸ੍ਰੀ ਸੋਨੀ ਨੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਵੱਲੋਂ ਜਿਹੜੀ ਵੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀ ਗਈ ਸੀ ਉਹ ਵਾਪਸ ਲੈ ਲਈ ਗਈ ਹੈ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਹੀ ਅਸੀਂ ਇਸ ਲੜਾਈ ਨੂੰ ਜਿੱਤ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਦੇ ਕੇਸਾਂ ਵਿੱਚ ਕਾਫੀ ਕਮੀ ਆਈ ਹੈ ਅਤੇ ਜੇਕਰ ਲੋਕ ਖੁਦ ਹੀ ਅਹਿਤੀਆਤ ਰੱਖਣ ਤਾਂ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।