ਪੰਜਾਬ ਰੋਡਵੇਜ, ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਹੱਕੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਹੜਤਾਲ ਸ਼ੁਰੂ

ਬੱਸ ਅੱਡਾ ਨਵਾਂਸ਼ਹਿਰ ਵਿਖੇ ਮੰਗਾਂ ਨੂੰ ਲੈ ਕੇ ਲਾਇਆ ਧਰਨਾ
ਨਵਾਂਸ਼ਹਿਰ : 28 ਜੂਨ (ਵਿਸ਼ੇਸ਼ ਪ੍ਰਤੀਨਿਧੀ) ਸਰਕਾਰੀ ਵਿਭਾਗਾਂ ਚ ਠੇਕੇ 'ਤੇ ਭਰਤੀ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ  ਪੰਜਾਬ ਰੋਡਵੇਜ/ ਪਨਬਸ  ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਬੱਸ ਅੱਡਾ ਨਵਾਂਸ਼ਹਿਰ ਵਿਖੇ ਤਿੰਨ ਦਿਨਾਂ ਹੜਤਾਲ ਸ਼ੁਰੂ ਕਰਦੇ ਹੋਏ, ਵਿਸ਼ਾਲ ਧਰਨਾ ਲੱਗਾ ਅਤੇ ਅੱਜ ਮੁਕੰਮਲ ਹੜਤਾਲ ਰੱਖੀ।  ਬੱਸ ਅੱਡਾ ਨਵਾਂਸ਼ਹਿਰ ਵਿਖੇ ਜਥੇਬੰਦੀ ਦੇ ਨਵਾਂਸ਼ਹਿਰ ਬ੍ਰਾਂਚ ਪ੍ਰਧਾਨ ਹਰਦੀਪ ਸਿੰਘ ਕਾਹਲੋਂ ਅਤੇ ਜਰਨਲ ਸਕੱਤਰ ਅਸ਼ੋਕ ਕੁਮਾਰ ਰੌੜੀ ਦੀ ਪ੍ਰਧਾਨਗੀ ਹੇਠ ਧਰਨਾ ਹੜਤਾਲ ਸ਼ੁਰੂ ਹੋਈ। ਇਸ ਮੌਕੇ ਸੰਬੋਧਨ ਕਰਦੇ  ਨਵਾਂਸ਼ਹਿਰ ਬ੍ਰਾਂਚ ਪ੍ਰਧਾਨ ਹਰਦੀਪ ਸਿੰਘ ਕਾਹਲੋਂ  ਨੇ ਕਿਹਾ ਕਿ 2007 ਤੋਂ ਨਾਮਾਤਰ ਤਨਖਾਹਾਂ ਤੇ  ਠੇਕੇ 'ਤੇ ਭਰਤੀ ਕਾਮੇ ਕੰਮ ਕਰ ਰਹੇ ਹਨ। ਕੈਪਟਨ ਸਰਕਾਰ ਵੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਸੀ। ਲੰਮੇ ਸਮੇਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਵਾਲੇ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੂੰ ਸਬੰਧਤ ਵਿਭਾਗ 'ਚ ਮਰਜ ਕਰਕੇ ਰੈਗੂਲਰ ਨਹੀਂ ਕੀਤਾ ਹੈ ਅਤੇ ਸਰਕਾਰ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾ ਕੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਲਗਾਤਾਰ ਭੱਜ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਠੇਕਾ ਵਰਕਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਾਉਣ ਤੱਕ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।  ਇਸ ਧਰਨੇ ਵਿਚ ਸਲੱਖਣ ਸਿੰਘ ਦਿਉਲ, ਪਰਮਜੀਤ ਸਿੰਘ ਪੰਮੀ, ਅਜੈਬ ਸਿੰਘ, ਗੁਰਨੇਕ ਸਿੰਘ, ਖੇਮ ਰਾਜ, ਮਨੀਸ਼ ਮੰਗਾ, ਗੁਰਦੇਵ ਸਿੰਘ , ਗੁਰਦੀਪ ਦੀਪਾ, ‍ਨਰਿੰਦਰ ਸਿੰਘ, ਬਲਵਿੰਦਰ ਸਿੰਘ ਕੈਸ਼ੀਅਰ ਨੇ ਸੰਬੋਧਨ ਕੀਤਾ।  ਯੂਨੀਅਨ ਵੱਲੋਂ ਕੱਲ੍ਹ 29 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਮੋਤੀ ਮਹਿਲ ਘੇਰਨ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਪਨਬੱਸ ਅਤੇ ਪੀ ਆਰ ਟੀ ਸੀ ਬੱਸਾਂ ਕਰਮਚਾਰੀਆਂ ਦੀ ਹੜਤਾਲ ਕਰਕੇ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੀ। ਉੱਧਰ ਅੱਜ ਦੀ  ਸਾਰਾ ਦਿਨ ਸਰਕਾਰੀ  ਪਨਬੱਸ ਅਤੇ ਪੀ ਆਰ ਟੀ ਸੀ  ਬੱਸਾਂ ਬੰਦ ਰਹਿਣ ਕਾਰਨ ਕੈਪਟਨ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਫਰੀ ਬੱਸ ਸੇਵਾ ਸਹੂਲਤ ਵੀ ਪੂਰੀ ਤਰਾਂ ਠੱਪ ਰਹੀ। ਜਿਸ ਕਾਰਨ ਮਹਿਲਾ ਯਾਤਰੀਆਂ  ਨੂੰ ਫਰੀ ਸਫਰ ਦੀ ਸਹੁਲਤ ਨਾ ਮਿਲਣ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦਕਿ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਰਹੀ।