05 ਕਰੋੜ ਦੀ ਲਾਗਤ ਨਾਲ ਬਣੇਗਾ 4 ਮੰਜ਼ਿਲਾ ਬਹੁਮੰਤਵੀ ਸਾਇੰਸ ਬਲਾਕ
ਨਵਾਂਸ਼ਹਿਰ, 7 ਜੂਨ :- ਨਵਾਂਸ਼ਹਿਰ ਦੇ ਸਕੂਲੀ ਬੁਨਿਆਦੀ ਢਾਂਚੇ ਵਿਚ ਅੱਜ ਉਸ ਸਮੇਂ ਇਕ ਸੁਨਹਿਰੀ ਅਧਿਆਏ ਜੁੜ ਗਿਆ, ਜਦੋਂ ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਵਾਂਸ਼ਹਿਰ ਵਿਖੇ 5 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬਲਾਕ ਦੀ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਕੀਤਾ ਗਿਆ। ਇਹ ਚਾਰ ਮੰਜ਼ਿਲਾ ਬਹੁਮੰਤਵੀ ਸਾਇੰਸ ਬਲਾਕ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਸੂਬੇ ਦੀ ਇਸ ਵੱਕਾਰੀ ਵਿੱਦਿਅਕ ਸੰਸਥਾ ਨੂੰ ਚੋਟੀ 'ਤੇ ਪਹੁੰਚਾਉਣਾ ਉਨਾਂ ਦਾ ਸ਼ੁਰੂ ਤੋਂ ਹੀ ਸੁਪਨਾ ਰਿਹਾ ਹੈ ਅਤੇ ਇਸ ਆਲੀਸ਼ਾਨ ਬਲਾਕ ਦੇ ਬਣਨ ਨਾਲ ਜਲਦ ਹੀ ਇਹ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਸਕੂਲ ਪੰਜਾਬ ਦਾ ਅਜਿਹਾ ਇਕਲੌਤਾ ਸਕੂਲ ਹੈ, ਜਿਸ ਨੂੰ ਪੰਜਾਬ ਵਿਧਾਨ ਸਭਾ ਦੇ ਬੱਜਟ ਵਿਚ ਗ੍ਰਾਂਟ ਐਲਾਨੀ ਗਈ ਹੈ। ਉਨਾਂ ਦੱਸਿਆ ਕਿ ਇਹ ਸੰਸਥਾ ਸੂਬੇ ਦੇ ਚੋਟੀ ਦੇ 10 ਸਰਕਾਰੀ ਸਕੂਲਾਂ ਵਿਚ ਸ਼ੁਮਾਰ ਕਰਦੀ ਹੈ ਅਤੇ ਹੁਣ ਇਸ ਨੂੰ ਪੰਜਾਬ ਦਾ ਨੰਬਰ ਇਕ ਸਕੂਲ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਨਵੇਂ ਬਲਾਕ ਦੀ ਉਸਾਰੀ ਦਾ ਕੰਮ 6 ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਚਾਰ ਮੰਜ਼ਿਲਾ ਬਲਾਕ ਵਿਚ 9 ਸਮਾਰਟ ਕਲਾਸ ਰੂਮਾਂ ਤੋਂ ਇਲਾਵਾ ਅਤਿ-ਆਧੁਨਿਕ ਸਾਇੰਸ ਲੈਬਾਂ, ਰੈਂਪ ਅਤੇ 1500 ਦੀ ਸਮਰੱਥਾ ਵਾਲਾ ਸਟੇਟ ਆਫ ਆਰਟ ਆਡੀਟੋਰੀਅਮ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਇਹ ਪਹਿਲਾ ਸਕੂਲ ਹੋਵੇਗਾ, ਜਿਥੇ ਲਿਫਟ ਦੀ ਵਿਵਸਥਾ ਵੀ ਹੋਵੇਗੀ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ 90 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿਚ ਇਕ ਬਲਾਕ ਤਿਆਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਕੂਲ ਦੀ ਗਰਾਊਂਡ ਵਿਚ ਟੈਨਿਸ ਅਤੇ ਬੈਡਮਿੰਟਨ ਕੋਰਟ ਵੀ ਤਿਆਰ ਕੀਤੇ ਜਾਣਗੇ। ਉਨਾਂ ਸਕੂਲ ਨੂੰ ਦਿੱਤੀ ਇਸ ਗ੍ਰਾਂਟ ਲਈ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਸਕੱਤਰ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਇਸ ਵੇਲੇ ਸਿੱਖਿਆ ਦੇ ਖੇਤਰ ਵਿਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ, ਜਿਸ ਦਾ ਪ੍ਰਮਾਣ ਭਾਰਤ ਸਰਕਾਰ ਵੱਲੋਂ ਇਸ ਨੂੰ ਏ ਪਲੱਸ ਪਲੱਸ ਰੈਕਿੰਗ ਪ੍ਰਦਾਨ ਕਰਨਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਪੜਾਈ ਦਾ ਮਿਆਰ ਉੱਚਾ ਚੁੱਕਣ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕ੍ਰਾਂਤੀਕਾਰੀ ਕਦਮ ਉਠਾਏ ਗਏ ਹਨ, ਜਿਸ ਕਾਰਨ ਹੁਣ ਸੂਬੇ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ ਅਤੇ ਇਨਾਂ ਵਿਚ ਦਾਖ਼ਲੇ ਵਿਚ ਭਾਰੀ ਵਾਧਾ ਹੋਇਆ ਹੈ। ਉਨਾਂ ਦੱਸਿਆ ਕਿ ਇਸ ਸਕੂਲ ਵਿਚ ਹੀ ਜਿਥੇ ਪਹਿਲਾਂ 1400 ਵਿਦਿਆਰਥੀ ਸਨ, ਹੁਣ ਇਹ ਗਿਣਤੀ ਵੱਧ ਕੇ 2248 ਹੋ ਗਈ ਹੈ। ਜ਼ਿਲਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਨਵਾਂ ਬਲਾਕ ਬਣਨ ਨਾਲ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ ਅਤੇ ਖਾਸ ਕਰਕੇ ਸਾਇੰਸ ਦੇ ਵਿਦਿਆਰਥੀਆਂ ਨੂੰ ਕਿਧਰੇ ਹੋਰ ਜਾਣ ਦੀ ਲੋੜ ਨਹੀਂ ਪਵੇਗੀ। ਉਨਾਂ ਦੱਸਿਆ ਕਿ ਇਸ ਸਕੂਲ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਸਕੂਲ ਦੇ ਪਿ੍ਰੰਸੀਪਲ ਸਰਬਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ। ਉਨਾਂ ਕਿਹਾ ਕਿ ਮਿਹਨਤੀ ਅਤੇ ਪ੍ਰਤੀਬੱਧ ਸਟਾਫ ਸਦਕਾ ਇਹ ਸਕੂਲ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾ ਕੇ ਸਮੇਂ ਦੇ ਹਾਣੀ ਬਣਾਉਣ ਵਿਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਇਸ ਮੌਕੇ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ, ਜ਼ਿਲਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਤੇ ਛੋਟੂ ਰਾਮ, ਕੌਂਸਲਰ ਪਿ੍ਰਥਵੀ ਚੰਦ, ਡਾ. ਕਮਲਜੀਤ, ਕੁਲਵੰਤ ਕੌਰ, ਜਸਵੀਰ ਕੌਰ, ਪ੍ਰਵੀਨ ਭਾਟੀਆ, ਗੁਰਦੇਵ ਕੌਰ ਤੇ ਚੇਤ ਰਾਮ ਰਤਨ, ਮਾਸਟਰ ਲਲਿਤ ਸ਼ਰਮਾ, ਜੈਦੀਪ ਜਾਂਗੜਾ, ਰਚਨਾ ਛਾਬੜਾ, ਅਰੁਣ ਦੀਵਾਨ, ਜਤਿੰਦਰ ਬਾਲੀ, ਰਾਜੇਸ਼ ਗਾਬਾ, ਮਿੰਟੂ ਚਾਂਦਲਾ, ਗੁਰਮਿੰਦਰ ਬਡਵਾਲ, ਲੈਕਚਰਾਰ ਸੁਰਜੀਤ ਸਿੰਘ, ਜੇ. ਐਸ ਗਿੱਧਾ, ਨਵਪ੍ਰੀਤ ਸਿੰਘ ਤੋਂ ਇਲਾਵਾ ਸਮੁੱਚਾ ਸਕੂਲ ਸਟਾਫ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਖੇ ਬਹੁਮੰਤਵੀ ਸਾਇੰਸ ਬਲਾਕ ਦੀ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਕਰਦੇ ਹੋਏ ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ।