ਨਵਾਂਸ਼ਹਿਰ 19 ਜੂਨ :- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਸਰਕਾਰ ਵੱਲੋਂ 26 ਜੂਨ 1975 ਨੂੰ ਦੇਸ਼ ਵਿਚ ਐਂਮਰਜੈਂਸੀ ਲਾਉਣ ਦੇ 46 ਵਰ੍ਹੇ ਪੂਰੇ ਹੋਣ ਉੱਤੇ ਮੌਜੂਦਾ ਮੋਦੀ ਸਰਕਾਰ ਦੀ ਅਣਐਲਾਨੀ ਐਮਰਜੈਂਸੀ ਲਾਉਣ,ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ,ਕਿਰਤ ਕਾਨੂੰਨਾਂ ਵਿਚ ਸੋਧਾਂ ਦੇ ਨਾਂਅ ਹੇਠ ਮਜਦੂਰ ਵਿਰੋਧੀ ਲਿਆਂਦੇ ਚਾਰ ਕਿਰਤ ਕੋਡਾਂ ਅਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੇ ਸਿਖਰਾਂ ਨੂੰ ਛੂਹਣ ਦੇ ਵਿਰੋਧ ਵਿਚ 26 ਜੂਨ ਨੂੰ ਪੰਜਾਬ ਭਰ ਵਿਚ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ।ਇਹ ਫੈਸਲਾ ਇਫਟੂ ਦੀ ਪੰਜਾਬ ਕਮੇਟੀ ਦੀ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ ਇਸ ਮੀਟਿੰਗ ਨੂੰ ਕੁਲਵਿੰਦਰ ਸਿੰਘ ਵੜੈਚ, ਸੂਬਾ ਜਨਰਲ ਸਕੱਤਰ ਰਾਜ ਮਲੋਟ, ਸੂਬਾ ਸਕੱਤਰ ਰਮੇਸ਼ ਰਾਣਾ ਨੇ ਸੰਬੋਧਨ ਕੀਤਾ।ਆਗੂਆਂ ਨੇ ਕਿਹਾ ਕਿ ਭਾਰਤੀ ਇਤਿਹਾਸ ਵਿਚ 26 ਜੂਨ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ,ਜਿਸ ਦਿਨ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਸ਼ਹਿਰੀ ਆਜਾਦੀਆਂ ਦਾ ਗਲਾ ਘੁੱਟ ਦਿੱਤਾ ਗਿਆ।ਸਰਕਾਰ ਦੇ ਹਰ ਅਲੋਚਕ ਨੂੰ ਜਿਹਲਾਂ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਗਿਆ।ਦਲੀਲ ਅਤੇ ਅਪੀਲ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ।ਇਕ ਤਰ੍ਹਾਂ ਨਾਲ ਜਮਹੂਰੀਅਤ ਦਾ ਕਤਲ ਕਰ ਦਿੱਤਾ ਗਿਆ।ਉਹਨਾਂ ਕਿਹਾ ਕਿ ਅੱਜ ਮੋਦੀ ਸਰਕਾਰ ਅਣਐਲਾਨੀ ਐਂਮਰਜੈਂਸੀ ਲਾਕੇ ਇੰਦਰਾ ਗਾਂਧੀ ਸਰਕਾਰ ਤੋਂ ਵੀ ਚਾਰ ਕਦਮ ਅੱਗੇ ਲੰਘ ਗਈ ਹੈ।ਸਰਕਾਰ ਦੀ ਅਲੋਚਨਾ ਕਰਨ ਵਾਲੇ ਵਕੀਲਾਂ, ਲੇਖਕਾਂ, ਕਾਰਕੁਨਾਂ, ਆਗੂਆਂ, ਕਵੀਆਂ, ਬੁੱਧੀਜੀਵੀਆਂ, ਪੱਤਰਕਾਰਾਂ, ਵਿਦਿਆਰਥੀਆਂ ਉੱਤੇ ਦੇਸ਼ ਧ੍ਰੋਹੀ ਦੇ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜਿਹਲਾਂ ਵਿਚ ਸੁੱਟਿਆ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਜਦੂਰ ਪੱਖੀ ਕਿਰਤ ਕਾਨੂੰਨ ਖਤਮ ਕਰਕੇ ਮਜਦੂਰ ਵਿਰੋਧੀ ਅਤੇ ਪੂੰਜੀਪਤੀਆਂ ਦੇ ਪੱਖੀ ਚਾਰ ਕਿਰਤ ਕਾਨੂੰਨ ਲਿਆ ਕੇ ਆਪਣਾ ਮਜਦੂਰ ਵਿਰੋਧੀ ਚਿਹਰਾ ਬੇਪਰਦ ਕਰ ਲਿਆ ਹੈ।ਪੈਟਰੋਲ ਅਤੇ ਡੀਜ਼ਲ ਦੀਆਂ ਨਿੱਤ ਅਸਮਾਨ ਛੂੰਹਦੀਆਂ ਕੀਮਤਾਂ ਦੀ ਨਿੰਦਾ ਕਰਦਿਆਂ ਇਸਦੇ ਲਈ ਮੋਦੀ ਸਰਕਾਰ ਦੇ ਨਾਲ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਜੁੰਮੇਵਾਰ ਠਹਿਰਾਇਆ ਹੈ।ਉਹਨਾਂ ਇਫਟੂ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਨੂੰ 26 ਜੂਨ ਨੂੰ ਸੜਕਾਂ ਉੱਤੇ ਨਿਕਲਣ ਦਾ ਸੱਦਾ ਦਿੱਤਾ ਹੈ।ਇਸ ਮੌਕੇ ਅਵਤਾਰ ਸਿੰਘ ਤਾਰੀ,ਜੁਗਿੰਦਰ ਪਾਲ ਅਤੇ ਗੁਰਦਿਆਲ ਰੱਕੜ ਸੂਬਾਈ ਆਗੂ ਵੀ ਮੌਜੂਦ ਸਨ।