ਪਟਿਆਲਾ 13 ਜੂਨ (ਵਿਸ਼ੇਸ਼ ਪ੍ਰਤੀਨਿਧੀ) ਸਿੱਖਿਆ ਦੇ ਖੇਤਰ 'ਚ ਦੇਸ਼ ਦੇ ਅੱਵਲ ਨੰਬਰ ਸੂਬੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿਰੰਤਰ ਵਿੱਦਿਅਕ ਤੇ ਸਰੀਰਕ ਗਤੀਵਿਧੀਆਂ ਨਾਲ ਜੋੜ ਕੇ, ਰੱਖਣ ਦੇ ਮਨਸੂਬੇ ਨਾਲ ਬਹੁਪੱਖੀ ਸਮਰ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਦਾ ਮਕਸਦ ਮਨੋਰੰਜਨ ਸੰਗ ਸਿੱਖਿਆ ਦੇਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਮਰ ਕੈਂਪਾਂ ਜਰੀਏ, ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਰੱਖਣ ਲਈ ਯੋਜਨਾ ਉਲੀਕੀ ਗਈ ਸੀ। ਜੋ ਸਫਲਤਾਪੂਰਵਕ ਅਧਿਆਪਕ ਨੇਪਰੇ ਚਾੜ੍ਹ ਰਹੇ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਗਤੀਵਿਧੀਆਂ ਨਾਲ ਜੋੜਿਆ ਗਿਆ ਹੈ। ਜਿਨ੍ਹਾਂ 'ਚ ਦਿੱਤੇ ਗਏ ਵਿਸ਼ਿਆਂ ਨਾਲ ਸਬੰਧਤ ਪੋਸਟਰ ਮੇਕਿੰਗ, ਮਹਿੰਦੀ ਲਗਾਉਣ, ਕੋਲਾਜ਼ ਰਚਨਾ, ਬਾਲ ਖੇਡਾਂ, ਫੁਲਵਾੜੀ ਦੀ ਸੰਭਾਲ ਤੇ ਪੌਦੇ ਲਗਾਉਣਾ, ਗੀਤ ਗਾਇਣ, ਲੋਕ ਨਾਚਾਂ ਤੇ ਹੋਰ ਸਰਗਰਮੀਆਂ ਤੇ ਹੋਰ ਸਰਗਰਮੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਨ੍ਹਾਂ 'ਚ ਵਿਦਿਆਰਥੀ ਬਹੁਤ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਲੈਕਚਰਾਰ ਦਲਜੀਤ ਸਿੰਘ ਮਾੜੂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਦੇ ਆਨਲਾਈਨ ਯੋਗਾ, ਸਰੀਰਕ ਕਸਰਤਾਂ ਤੇ ਲੋਕ ਖੇਡਾਂ ਦੇ ਮੁਕਾਬਲੇ ਕਰਵਾਏ ਜਾਂ ਰਹੇ ਹਨ, ਜੋ ਵਿਦਿਆਰਥੀਆਂ ਨੂੰ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਬਣਾਉਣ ਦੇ ਨਾਲ-ਨਾਲ ਮਨੋਰੰਜਨ ਵੀ ਪ੍ਰਦਾਨ ਕਰ ਰਹੇ ਹਨ । ਸਰਕਾਰੀ ਮਿਡਲ ਸਕੂਲ ਹਸਨਪੁਰ ਪ੍ਰੋਹਤਾ ਦੇ ਇੰਚਾਰਜ ਅਰਵਿੰਦ ਸਿੰਘ ਨੇ ਦੱਸਿਆ ਕਿ ਸਕੂਲਾਂ 'ਚ ਛੁੱਟੀਆਂ ਹੋਣ ਦੇ ਬਾਵਜੂਦ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿੱਦਿਅਕ, ਸਰੀਰਕ ਤੇ ਮਨੋਰੰਜਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਅਜਿਹੀਆਂ ਮਿਆਰੀ ਸਰਗਰਮੀਆਂ ਕਾਰਨ ਹੀ ਸਰਕਾਰੀ ਸਕੂਲਾਂ ਵੱਲ ਵਿਦਿਆਰਥੀਆਂ ਦਾ ਰੁਝਾਨ ਬਹੁਤ ਵਧ ਰਿਹਾ ਹੈ ਤੇ ਦਾਖਲੇ 'ਚ ਵੱਡੀ ਗਿਣਤੀ 'ਚ ਵਾਧਾ ਹੋਇਆ ਹੈ । ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਵਿਦਿਆਰਥੀ ਸ਼ਰਨਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਉਹ ਸਮਰ ਕੈਂਪਾਂ ਰਾਹੀਂ ਨਿਰੰਤਰ ਆਪਣੇ ਸਕੂਲ ਨਾਲ ਜੁੜੇ ਹੋਏ ਹਨ ਅਤੇ ਨਾਲ ਹੀ ਸਾਥੀ ਵਿਦਿਆਰਥੀਆਂ ਨਾਲ ਨਿਰੰਤਰ ਤਾਲਮੇਲ ਬਣਿਆ ਹੋਇਆ ਹੈ ਤੇ ਘਰ 'ਚ ਰਹਿਣ ਦੇ ਬਾਵਜੂਦ ਵੀ ਸਕੂਲ ਵਾਲਾ ਮਾਹੌਲ ਬਣਿਆ ਰਹਿੰਦਾ ਹੈ।
ਤਸਵੀਰ:- ਸਮਰ ਕੈਂਪ ਦੌਰਾਨ ਯੋਗ ਆਸਣ ਕਰਦੇ ਹੋਏ ਵਿਦਿਆਰਥੀ ਤੇ ਦੂਸਰੀ ਤਸਵੀਰ ਵਿਦਿਆਰਥੀਆਂ ਦੁਆਰਾ ਬਣਾਏ ਪੋਸਟਰ।
ਤਸਵੀਰ:- ਸਮਰ ਕੈਂਪ ਦੌਰਾਨ ਯੋਗ ਆਸਣ ਕਰਦੇ ਹੋਏ ਵਿਦਿਆਰਥੀ ਤੇ ਦੂਸਰੀ ਤਸਵੀਰ ਵਿਦਿਆਰਥੀਆਂ ਦੁਆਰਾ ਬਣਾਏ ਪੋਸਟਰ।