ਐਮ. ਪੀ ਮਨੀਸ਼ ਤਿਵਾੜੀ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਕਸੀਜਨ ਪਲਾਂਟ ਕੀਤਾ ਲੋਕ ਅਰਪਿਤ

ਨਵਾਂਸ਼ਹਿਰ, 28 ਜੂਨ :- ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਨਵਾਂ ਲਗਾਇਆ ਗਿਆ ਪੀ. ਐਸ. ਏ ਆਕਸੀਜਨ ਪਲਾਂਟ ਲੋਕ ਅਰਪਿਤ ਕੀਤਾ। ਸਨ ਫਾਰਮਾਸੂਟੀਕਲ ਇੰਡਸਟ੍ਰੀਜ਼ ਲਿਮਟਿਡ, ਟੌਂਸਾ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਇਹ ਆਕਸੀਜਨ ਪਲਾਂਟ ਇਕ ਦਿਨ ਵਿਚ ਵੱਡੇ 30 ਸਿਲੰਡਰ ਆਕਸੀਜਨ ਉਤਪਾਦਨ ਦੀ ਸਮਰੱਥਾ ਰੱਖਦਾ ਹੈ। ਪੀ. ਸੀ. ਏ (ਪ੍ਰੈਸ਼ਰ ਸਵਿੰਗ ਅਬਸੋਰਪਸ਼ਨ) ਤਕਨੀਕ ਵਾਲਾ ਇਹ ਪਲਾਂਟ ਹਵਾ ਵਿਚੋਂ ਆਕਸੀਜਨ ਪੈਦਾ ਕਰ ਕੇ ਸਿੱਧੀ ਪਾਈਪਾਂ ਰਾਹੀਂ ਮਰੀਜ਼ਾਂ ਦੇ ਬੈੱਡਾਂ ਤੱਕ ਪਹੁੰਚਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ. ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਸੇ ਤਹਿਤ ਹੀ ਸੂਬੇ ਭਰ ਵਿਚ ਅਜਿਹੇ ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ, ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਵਿਚ ਆਕਸੀਜਨ ਦੀ ਕੋਈ ਘਾਟ ਨਾ ਆਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਿਸਨ ਫ਼ਤਿਹ ਤਹਿਤ ਕੋਵਿਡ-19 ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਅਤੇ ਇਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਸਾਂਭ-ਸੰਭਾਲ ਤੇ ਬਿਹਤਰ ਇਲਾਜ ਸਹੂਲਤਾਂ ਲਈ ਸਮੇਂ ਸਿਰ ਕਦਮ ਉਠਾਏ। ਉਨਾ ਦੱਸਿਆ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਜਦੋਂ ਦੇਸ਼ ਭਰ ਵਿਚ ਆਕਸੀਜਨ ਦੀ ਭਾਰੀ ਕਮੀ ਪਾਈ ਜਾ ਰਹੀ ਸੀ, ਤਾਂ ਪੰਜਾਬ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਗਈ। ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ ਅਤੇ ਐਲ-3 ਬੈੱਡਾਂ ਦੇ ਪ੍ਰਬੰਧ ਕਰਨ ਤੋਂ ਇਲਾਵਾ ਡਾਕਟਰਾਂ ਅਤੇ ਹੋਰ ਸਿਹਤ ਅਮਲੇ ਦੀ ਵੀ ਸਮੇਂ ਸਿਰ ਭਰਤੀ ਕਰਕੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਉਨਾਂ ਕਿਹਾ ਕਿ ਆਕਸੀਜਨ ਪਲਾਂਟ ਲੱਗਣ ਨਾਲ ਨਵਾਂਸ਼ਹਿਰ ਦਾ ਸਿਵਲ ਹਸਪਤਾਲ ਹੁਣ ਆਕਸੀਜਨ ਦੇ ਖੇਤਰ ਵਿਚ ਆਤਮ ਨਿਰਭਰ ਬਣ ਗਿਆ ਹੈ ਜਦਕਿ ਇਸ ਨੂੰ ਪਹਿਲਾਂ ਬਾਹਰੋਂ ਆਕਸੀਜਨ ਮੰਗਵਾਉਣੀ ਪੈਦੀ ਸੀ। ਉਨਾਂ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦਾ ਅਸਰਦਾਰ ਢੰਗ ਨਾਲ ਸਾਹਮਣਾ ਕਰਨ ਅਤੇ ਇਸ ਦੌਰਾਨ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨਾਂ ਜ਼ਿਲੇ ਦੇ ਡਾਕਟਰਾਂ ਅਤੇ ਹੋਰ ਸਿਹਤ ਅਮਲੇ ਵੱਲੋਂ ਕੋਵਿਡ ਦੌਰਾਨ ਫਰੰਟ ਲਾਈਨ ਵਾਰੀਅਰ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਨਿਭਾਈ ਭੂਮਿਕਾ ਦੀ ਵੀ ਦਾਦ ਦਿੱਤੀ। ਇਸ ਮੌਕੇ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਪੰਜਾਬ ਲਾਰਜ ਇੰਡਸਟ੍ਰੀਅਲ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐਸ. ਐਸ ਮਰਵਾਹਾ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ, ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਸਨ ਫਾਰਮਾ ਦੇ ਸੀਨੀਅਰ ਵਾਈਜ਼ ਪ੍ਰਧਾਨ ਡਾ. ਅਜ਼ਾਦਾਰ ਐਚ ਖ਼ਾਨ, ਐਸੋਸੀਏਟਿਡ ਵਾਈਜ਼ ਪ੍ਰਧਾਨ ਖੀਮਾਨੰਦ ਸ਼ਰਮਾ, ਐਚ. ਆਰ ਹੈੱਡ ਸੁਰਿੰਦਰ ਤੁਰਾਨ, ਡੀ. ਜੀ. ਐਮ ਨਰਿੰਦਰ ਆਹੂਜਾ, ਸੀ. ਐਸ. ਆਰ ਸੁਰਜੀਤ ਚੇਚੀ, ਵਾਤਾਵਰਨ ਇੰਜੀਨੀਅਰ ਰੂਪਨਗਰ ਅਨੁਰਾਧਾ ਸ਼ਰਮਾ, ਤਕਨੀਕੀ ਮਾਹਿਰ ਇੰਜ. ਦਵਿੰਦਰਜੀਤ ਸਿੰਘ, ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਐਸ. ਐਮ. ਓ ਨਵਾਂਸ਼ਹਿਰ ਡਾ. ਮਨਦੀਪ ਕਮਲ, ਤਜਿੰਦਰ ਕੌਰ, ਯੂਥ ਆਗੂ ਸੁਖਵਿੰਦਰ ਸਿੰਘ ਧਾਵਾ, ਰੋਹਿਤ ਚੋਪੜਾ ਤੇ ਹੋਰ ਹਾਜ਼ਰ ਸਨ।  
ਕੈਪਸ਼ਨ :- ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਕਸੀਜਨ ਪਲਾਂਟ ਦਾ ਸ਼ੁੱਭ ਆਰੰਭ ਕਰਦੇ ਹੋਏ ਐਮ. ਪੀ ਮਨੀਸ਼ ਤਿਵਾੜੀ। ਨਾਲ ਹਨ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਵਿਧਾਇਕ ਅੰਗਦ ਸਿੰਘ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਤੇ ਹੋਰ।