ਨਵਾਂਸ਼ਹਿਰ 5 ਜੂਨ(ਵਿਸ਼ੇਸ਼ ਪ੍ਰਤੀਨਿਧੀ):- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਪੰਜਾਬ ਪਿਛਲੇ ਨੌ ਸਾਲਾਂ ਤੋਂ ਲਗਾਤਾਰ ਸਮਾਜ ਅਤੇ ਵਾਤਾਵਰਨ ਨੂੰ ਬਚਾਉਣ ਲਈ "ਰੁੱਖ ਲਗਾਓ,ਵਾਤਾਵਰਨ ਬਚਾਉ","ਪਲਾਸਟਿਕ ਨਾ ਸਾੜੋ, ਮਨੁੱਖੀ ਜ਼ਿੰਦਗੀਆਂ ਨਾ ਮਾਰੋ"."ਪਾਣੀ ਬਚਾਓ" ਆਦਿ ਵਰਗੀਆਂ ਵਿਸ਼ੇਸ਼ ਮੁਹਿੰਮਾਂ ਨਾਲ ਸਮਾਜ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਸਰਕਾਰ ਦੀ ਮਦਦ ਕਰ ਰਹੀ ਹੈ,ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜ਼ਮਾਂ ਦੀ ਸਰਕਾਰ ਬਾਂਹ ਨਹੀਂ ਫੜ ਰਹੀ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਨੇ ਅੱਜ ਵਾਤਾਵਰਨ ਦਿਵਸ ਨੂੰ ਸਮਰਪਿਤ ਦਰੱਖਤ ਲਗਾਓ,ਵਾਤਾਵਰਨ ਬਚਾਓ ਤਹਿਤ ਸੜਕਾਂ ਦੇ ਕਿਨਾਰੇ ਸਟੀਵੀਆ,ਅਰਜੁਨ ਅਤੇ ਨਿੰਮ ਵਰਗੇ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਬੂਟੇ ਲਗਾ ਕੇ ਮੁਹਿੰਮ ਦਾ ਆਗਾਜ਼ ਕਰਨ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਸਰਕਾਰ ਦੀ ਮਦਦ ਕਰ ਰਹੇ ਹਾਂ,ਇਸੇ ਤਰ੍ਹਾਂ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਨਿਊ ਪੈਨਸ਼ਨ ਸਕੀਮ ਨੂੰ ਤੁਰੰਤ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਲਗਭਗ 2 ਲੱਖ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਬੁਢਾਪੇ ਵਿੱਚ ਬਚਾਉਣ ਲਈ ਮਦਦ ਕਰੇ। ਸ਼੍ਰੀ ਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਕਮੇਟੀ ਨਾਲ ਕਈ ਵਾਰ ਮੀਟਿੰਗ ਕਰਨ ਦਾ ਲਾਰਿਆਂ ਲਗਾਇਆ ਗਿਆ ਹੈ,ਪਰ ਅਖੀਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਜਾਂਦੀ ਹੈ।ਇਸ ਲਈ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਬਹੁਤ ਜ਼ਿਆਦਾ ਰੋਸ ਹੈ।ਉਨ੍ਹਾਂ ਆਖਿਆ ਕਿ ਇਸ ਕਰੋਨਾ ਕਾਲ ਦੀ ਸੰਕਟ ਘੜੀ ਵਿੱਚ ਸਰਕਾਰ ਐਨ ਪੀ ਐਸ ਮੁਲਾਜ਼ਮਾਂ ਦੇ ਕੰਟਰੀਬਿਊਟੀ ਫ਼ੰਡ ਨੂੰ ਆਪਣੇ ਕੋਲ ਰੱਖ ਕੇ ਸਰਕਾਰੀ ਖ਼ਜ਼ਾਨੇ ਉੱਤੇ ਪੈ ਰਹੇ ਕਰੋੜਾ ਰੁਪਏ ਦੇ ਬੋਝ ਤੋਂ ਬਚ ਸਕਦੀ ਹੈ। ਇਸ ਸੰਬੰਧੀ ਵਿੱਤ ਮੰਤਰੀ ਨੂੰ ਬਹੁਤ ਵਾਰ ਈ ਮੇਲ ਦੇ ਰਾਹੀਂ ਪੁਰਾਣੀ ਪੈਨਸ਼ਨ ਅਤੇ ਨਵੀਂ ਪੈਨਸ਼ਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਹੈ।ਪਰ ਸਰਕਾਰ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀਂ। ਇਸ ਲਈ ਹੁਣ ਐਨ ਪੀ ਐਸ ਤੋਂ ਪੀੜਤ ਮੁਲਾਜ਼ਮਾਂ ਦੇ ਸਬਰ ਦਾ ਅੰਤ ਹੋ ਚੁੱਕਿਆ ਹੈ।ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ 11 ਜੁਲਾਈ ਨੂੰ ਵਿੱਤ ਮੰਤਰੀ ਦੇ ਹਲਕੇ ਵਿੱਚ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਹੈ।ਜੇਕਰ ਸਰਕਾਰ ਨੇ ਫਿਰ ਵੀ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਐਨ ਪੀ ਐਸ ਤੋਂ ਪੀੜਤ ਮੁਲਾਜ਼ਮ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਐਮ ਐਲ ਏ ਅਤੇ ਮੰਤਰੀਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ ਅਤੇ ਮੌਜੂਦਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਵਿੱਚ ਆਪਣੀ ਮੋਹਰਲੀ ਭੂਮਿਕਾ ਨਿਭਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਬਵਲੀਨ ਮਾਨ ਅਤੇ ਬੇਟਾ ਇਸ਼ਮੀਤ ਮਾਨ ਅਤੇ ਸੁਖਜਿੰਦਰ ਸਿੰਘ ਮੈਂਬਰ ਪੰਚਾਇਤ ਵੀ ਮੌਜੂਦ ਸੀ।
ਕੈਪਸ਼ਨ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਆਪਣੇ ਪਰਿਵਾਰ ਸਮੇਤ ਵਾਤਾਵਰਨ ਦਿਵਸ ਨੂੰ ਸਮਰਪਿਤ ਬੂਟੇ ਲਗਾ ਕੇ ਐਨ ਪੀ ਐਸ ਦਾ ਵਿਰੋਧ ਕਰਦੇ ਹੋਏ।
ਕੈਪਸ਼ਨ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਆਪਣੇ ਪਰਿਵਾਰ ਸਮੇਤ ਵਾਤਾਵਰਨ ਦਿਵਸ ਨੂੰ ਸਮਰਪਿਤ ਬੂਟੇ ਲਗਾ ਕੇ ਐਨ ਪੀ ਐਸ ਦਾ ਵਿਰੋਧ ਕਰਦੇ ਹੋਏ।