ਨਵਾਂਸ਼ਹਿਰ,5 ਜੂਨ (ਵਿਸ਼ੇਸ਼ ਪ੍ਰਤੀਨਿਧੀ):- ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਨਵਾਂਸ਼ਹਿਰ ਵਿਖੇ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।ਮੁਜ਼ਾਹਰੇ ਉਪਰੰਤ ਸਥਾਨਕ ਚੰਡੀਗੜ੍ਹ ਚੌਂਕ ਵਿਚ ਮੋਦੀ ਸਰਕਾਰ ਦਾ ਪੁਤਲਾ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਤੋਂ ਪਹਿਲਾਂ ਰਿਲਾਇੰਸ ਕੰਪਨੀ ਦੇ ਮੌਲ ਅੱਗੇ ਚੱਲਦੇ ਕਿਸਾਨੀ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨ ਮਜਾਰਾ, ਬੀਬੀ ਗੁਰਬਖ਼ਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ, ਸੁਰਿੰਦਰ ਸਿੰਘ ਸੋਇਤਾ, ਜਗਤਾਰ ਸਿੰਘ ਜਾਡਲਾ,ਸੁਰਿੰਦਰ ਸਿੰਘ ਮਹਿਰਮਪੁਰ, ਸੁਰਜੀਤ ਕੌਰ ਉਟਾਲ, ਮਨਜੀਤ ਕੌਰ ਅਲਾਚੌਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਮਾਰੂ ਸਰਕਾਰ ਹੈ ਜੋ ਕਿਸਾਨਾਂ ਦੀ ਜ਼ਮੀਨ ਖੋਹ ਕੇ ਕਾਰਪੋਰੇਟਾਂ ਨੂੰ ਦੇਣ ਲਈ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ 6 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ਉੱਤੇ ਮੋਰਚੇ ਸੰਭਾਲੀ ਬੈਠੇ ਹਨ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨਾਂ ਹੋਰ ਕੁਝ ਵੀ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਰੋਨਾ ਦਾ ਬਹਾਨਾ ਲਾਕੇ ਦਿੱਲੀ ਵਾਸੀਆਂ ਨੂੰ ਕਿਸਾਨ ਮੋਰਚੇ ਵਿਰੁੱਧ ਭੜਕਾਉਣਾ ਚਾਹੁੰਦੀ ਸੀ ਪਰ ਉਹ ਆਪਣੀ ਇਸ ਚਾਲ ਵਿਚ ਸਫਲ ਨਹੀਂ ਹੋ ਸਕੀ।ਕਰੋਨਾ ਦੇ ਡਰ ਹੇਠ ਮੋਦੀ ਸਰਕਾਰ ਪੈਟਰੋਲ, ਡੀਜ਼ਲ ,ਰਸੋਈ ਗੈਸ ਦੀਆਂ ਹਰ ਰੋਜ਼ ਕੀਮਤਾਂ ਵਧਾ ਰਹੀ ਹੈ।ਪੰਜਾਬ ਦੀ ਕੈਪਟਨ ਸਰਕਾਰ ਟੈਕਸ ਲਾਕੇ ਕੀਮਤਾਂ ਵਿਚ ਹੋਰ ਵਾਧਾ ਕਰ ਰਹੀ ਹੈ। ਇਹ ਸਰਕਾਰਾਂ ਦਿਖਾਵਾ ਤਾਂ ਕਿਸਾਨ ਹਿੱਤੂ ਹੋਣ ਦੀਆਂ ਕਰ ਰਹੀਆਂ ਹਨ ਪਰ ਅਸਲ ਵਿਚ ਹਨ ਕਿਸਾਨ ਵਿਰੋਧੀ। ਉਨ੍ਹਾਂ ਕਿਹਾ ਕਿ ਕਿਸਾਨ ਏਕਤਾ ਅਤੇ ਤਿੱਖੇ ਸੰਘਰਸ਼ ਹੀ ਜਿੱਤ ਦੀ ਗਰੰਟੀ ਹਨ ਅਤੇ ਕਿਸਾਨ ਘੋਲ ਹਰ ਹਾਲਤ ਜੇਤੂ ਹੋਕੇ ਨਿਕਲੇਗਾ।