ਜਮਹੂਰੀ ਅਧਿਕਾਰ ਸਭਾ ਅਤੇ ਹੋਰ ਜਥੇਬੰਦੀਆਂ ਵੱਲੋਂ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਨਵਾਂਸ਼ਹਿਰ ਵਿਚ ਪ੍ਰਦਰਸ਼ਨ 8 ਜੂਨ ਨੂੰ

ਨਵਾਂਸ਼ਹਿਰ 5ਜੂਨ :- ਜਮਹੂਰੀ ਅਧਿਕਾਰ ਸਭਾ, ਡੈਮੋਕ੍ਰੇਟਿਕ ਲਾਇਰਜ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਵੱਲੋਂ 8 ਜੂਨ ਨੂੰ ਸਵੇਰੇ 10:30 ਵਜੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਨਵਾਂਸ਼ਹਿਰ ਵਿਖੇ ਮੁਜ਼ਾਹਰਾ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ 6 ਜੂਨ 2018 ਦੇ ਦਿਨ ਮਹਾਰਾਸ਼ਟਰ ਪੁਲਿਸ ਵੱਲੋਂ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਕਥਿਤ ਭੀਮਾ-ਕੋਰੇਗਾਓਂ ਸਾਜ਼ਿਸ਼ ਕੇਸ ਵਿਚ ਗ੍ਰਿਫ਼ਤਾਰ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਇਸ ਕੇਸ ਵਿਚ ਪ੍ਰੋਫੈਸਰ ਸੋਮਾ ਸੇਨ, ਐਡਵੋਕੇਟ ਸੁਰਿੰਦਰ ਗੈਡਲਿੰਗ, ਰੋਨਾ ਵਿਲਸਨ, ਸੁਧੀਰ ਢਾਵਲੇ, ਮਹੇਸ਼ ਰਾਵਤ, ਪ੍ਰੋਫੈਸਰ ਵਰਾਵਰਾ ਰਾਓ, ਪ੍ਰੋਫੈਸਰ ਵਰਨੋਨ ਗੋਂਜ਼ਾਲਵਿਜ਼, ਅਰੁਣ ਫ਼ਰੇਰਾ, ਗੌਤਮ ਨਵਲਖਾ, ਐਡਵੋਕੇਟ ਸੁਧਾ ਭਰਦਵਾਜ, ਸਟੇਨ ਸਵਾਮੀ, ਪ੍ਰੋਫੈਸਰ ਹਨੀ ਬਾਬੂ, ਰਮੇਸ਼ ਗੈਚਰ, ਸਾਗਰ ਗੋਰਖੇ, ਜਯੋਤੀ ਜਾਗਤਪ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਝੂਠੇ ਕੇਸ ਵਿਚ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਪ੍ਰੋਫੈਸਰ ਜੀਐੇੱਨ ਸਾਈਬਾਬਾ, ਹੇਮ ਮਿਸ਼ਰਾ, ਪ੍ਰਸ਼ਾਂਤ ਰਾਹੀ ਆਦਿ ਬੁੱਧੀਜੀਵੀ ਪਹਿਲਾਂ ਹੀ ਇਸੇ ਤਰ੍ਹਾਂ ਦੇ ਝੂਠੇ ਕੇਸ ਵਿਚ ਕੈਦ ਹਨ। ਉਮਰ ਖ਼ਾਲਿਦ ਅਤੇ ਨਤਾਸ਼ਾ ਨਰਵਾਲ ਨੂੰ ਦਿੱਲੀ ਹਿੰਸਾ ਦੇ ਕਥਿਤ ਸਾਜ਼ਿਸ਼ਕਾਰ ਕਰਾਰ ਦੇ ਕੇ ਜੇਲ੍ਹ ਵਿਚ ਡੱਕਿਆ ਹੋਇਆ ਹੈ। ਇਨ੍ਹਾਂ ਸਾਰੇ ਸਮਾਜਿਕ ਨਿਆਂ ਅਤੇ ਲੋਕ ਹੱਕਾਂ ਲਈ ਸਾਜ਼ਿਸ਼ ਗਾੜ੍ਹੇ ਉਠਾਉਣ ਵਾਲੇ ਘੁਲਾਟੀਏ ਹਨ ਅਤੇ ਇਨ੍ਹਾਂ ਝੂਠੇ ਕੇਸਾਂ ਦਾ ਇੱਕੋ ਇਕ ਮਕਸਦ ਇਨ੍ਹਾਂ ਲੋਕ ਬੁੱਧੀਜੀਵੀਆਂ ਦੀ ਜ਼ੁਬਾਨ ਬੰਦੀ ਕਰਨਾ ਅਤੇ ਹੋਰ ਇਨਸਾਫ਼਼ਪਸੰਦ ਜਮਹੂਰੀ ਤਾਕਤਾਂ ਨੂੰ ਦਹਿਸ਼ਤਜ਼ਦਾ ਕਰਕੇ ਚੁੱਪ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਫਾਸ਼ੀਵਾਦੀ ਜ਼ੁਬਾਨਬੰਦੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਲੋਕ ਬੁੱਧੀਜੀਵੀਆਂ ਦੀ ਰਿਹਾਈ ਲਈ ਅੱਗੇ ਆਉਣ।ਇਸ ਮੌਕੇ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਬੂਟਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਨੇਕ ਸਿੰਘ ਚੂਹੜ ਪੁਰ ਵੀ ਮੌਜੂਦ ਸਨ।
ਕੈਪਸ਼ਨ:ਜਾਣਕਾਰੀ ਦਿੰਦੇ ਹੋਏ ਜਸਬੀਰ ਦੀਪ, ਬੂਟਾ ਸਿੰਘ ਅਤੇ ਗੁਰਨੇਕ ਸਿੰਘ।