ਕੋਵਿਡ ਟੀਕੇ ਲਈ ਸੇਵਾ ਕੇਂਦਰਾਂ ਵਿਚ ਵੀ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ

ਨਵਾਂਸ਼ਹਿਰ, 3 ਮਾਰਚ : - ਜ਼ਿਲੇ ਵਿਚ ਕੋਵਿਡ-19 ਟੀਕਾਕਰਨ ਦੇ ਤੀਜੇ ਪੜਾਅ ਤਹਿਤ 60 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦੇ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ਅਜਿਹੇ ਵਿਅਕਤੀਆਂ ਦੀ ਸਹੂਲਤ ਲਈ ਉਨਾਂ ਦੀ ਆਨਲਾਈਨ ਪੋਰਟਲ 'ਕੋਵਿਨ 2.0' ਉੱਤੇ ਰਜਿਸਟ੍ਰੇਸ਼ਨ ਦਾ ਕੰਮ ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਵਿਚ ਵੀ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਉਪਰੋਕਤ ਵਰਗਾਂ ਨਾਲ ਸਬੰਧ ਰੱਖਦਾ ਕੋਈ ਵੀ ਵਿਅਕਤੀ ਸਬੰਧਤ ਦਸਤਾਵੇਜ਼ ਨਾਲ ਲੈ ਕੇ ਆਪਣੇ ਨੇੜਲੇ ਸੇਵਾ ਕੇਂਦਰ ਵਿਚ 30 ਰੁਪਏ ਫੈਸੀਲੀਟੇਸ਼ਨ ਫੀਸ ਦੇ ਕੇ ਕੋਵਿਡ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨਾਂ ਕਿਹਾ ਕਿ 60 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਨੂੰ ਆਪਣੀ ਉਮਰ ਦੇ ਸਬੂਤ ਵਜੋਂ ਕੋਈ ਵੀ ਫੋਟੋ ਪਹਿਚਾਣ ਪੱਤਰ ਨਾਲ ਲਿਆਉਣਾ ਹੋਵੇਗਾ, ਜਦਕਿ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਵਾਲੇ ਵਿਅਕਤੀਆਂ ਨੂੰ ਇਸ ਸਬੰਧੀ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦਾ ਸਰਟੀਫਿਕੇਟ ਲਿਆਉਣਾ ਜ਼ਰੂਰੀ ਹੋਵੇਗਾ। ਉਨਾਂ ਕਿਹਾ ਕਿ ਇਹ ਸੇਵਾ ਇਸ ਲਈ ਸ਼ੁਰੂ ਕੀਤੀ ਗਈ ਹੈ, ਤਾਂ ਜੋ ਹਸਪਤਾਲਾਂ ਵਿਚ ਮੌਕੇ 'ਤੇ ਰਜਿਸਟ੍ਰੇਸ਼ਨ ਦੌਰਾਨ ਭੀੜ-ਭੜੱਕੇ ਅਤੇ ਇੰਤਜ਼ਾਰ ਤੋਂ ਬਚਾਅ ਹੋ ਸਕੇ ਅਤੇ ਬਜ਼ੁਰਗਾਂ ਅਤੇ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਰਜਿਸਟ੍ਰੇਸਨ ਲਈ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।