ਹੁਸ਼ਿਆਰਪੁਰ, 1 ਮਾਰਚ: (ਬਿਊਰੋ) ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ 'ਤੇ ਵਿੱਢੀ ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਥਾਣਾ ਮਾਡਲ ਟਾਊਨ ਦੀ ਪੁਲਿਸ ਟੀਮ ਨੇ 50 ਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਦੀ ਨਗਦੀ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਅਭਿਸ਼ੇਕ ਭੱਟੀ ਵਾਸੀ ਮੁਹੱਲਾ ਭਗਤ ਨਗਰ ਅਤੇ ਮੋਹਿਤ ਵਾਸੀ ਮੁਹੱਲਾ ਰਿਸ਼ੀ ਨਗਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਡੀ.ਐਸ.ਪੀ. ਸਿਟੀ ਜਗਦੀਸ਼ ਰਾਜ ਅੱਤਰੀ ਅਤੇ ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਕਰਨੈਲ ਸਿੰਘ ਦੀ ਟੀਮ ਨੇ 28 ਫਰਵਰੀ ਨੂੰ ਗਸ਼ਤ ਦੌਰਾਨ 2 ਨੌਜਵਾਨਾਂ ਨੂੰ ਸ਼ੱਕ ਦੀ ਬਿਨਾਹ 'ਤੇ ਰੋਕਿਆ ਜਿਨ੍ਹਾਂ ਪਾਸੋਂ ਹੈਰੋਇਨ ਅਤੇ ਨਗਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ 2 ਵਿੱਚ ਰਹੀਮਪੁਰ ਨੇੜੇ ਗਸ਼ਤ ਦੌਰਾਨ ਪੁਲਿਸ ਚੌਕੀ ਪੁਰਹੀਰਾਂ ਦੇ ਇੰਚਾਰਜ ਸੁਖਦੇਵ ਸਿੰਘ ਨੇ ਅਭਿਸ਼ੇਕ ਭੱਟੀ ਅਤੇ ਮੋਹਿਤ ਨੂੰ ਰੋਕ ਕੇ ਚੈਕ ਕੀਤਾ ਅਤੇ ਬਰਾਮਦਗੀ ਉਪਰੰਤ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਸਨ ਅਤੇ ਕੱਲ੍ਹ ਵੀ ਦੋਵੇਂ ਹੈਰੋਇਨ ਦੀ ਖਰੀਦੋ-ਫਰੋਖਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਦੋਵਾਂ ਦੇ ਨੈਟਵਰਕ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਤਾਂ ਜੋ ਨਸ਼ਿਆਂ ਦੇ ਧੰਦੇ ਵਿੱਚ ਸ਼ਾਮਲ ਹੋਰਨਾਂ ਲੋਕਾਂ ਨੂੰ ਵੀ ਕਾਬੂ ਕੀਤਾ ਜਾ ਸਕੇ।
ਕੈਪਸ਼ਨ : - ਫੜੇ ਗਏ ਨੌਜਵਾਨ ਪੁਲਿਸ ਹਿਰਾਸਤ ਵਿੱਚ