ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਰਾਟੀ ਵੱਲੋ ਬਿਰਧ ਆਸ਼ਰਮ, ਕਿਰਪਾਲ ਸਾਗਰ ਰਾਹੋਂ ਵਿਖੇ ਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ

ਨਵਾਂਸ਼ਹਿਰ, 20 ਅਗਸਤ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਅਥਾਰਟੀ ਵੱਲੋਂ ਬਿਰਧ ਆਸ਼ਰਮ, ਕਿਰਪਾਲ ਸਾਗਰ, ਰਾਹੋਂ ਵਿਖੇ ਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕਮਲਦੀਪ ਸਿੰਘ ਧਾਲੀਵਾਲ, ਸੀ. ਜੇ. ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਉੱਥੇ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਉਨ੍ਹਾਂ ਇਸ ਮੌਕੇ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਐਕਟ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਮਾਤਾ ਪਿਤਾ ਜਾਂ ਸੀਨੀਅਰ ਨਾਗਰਿਕ ਜੋ ਆਪਣਾ ਖਰਚਾ ਨਾ ਚੁੱਕ ਸਕਣ, ਉਹ ਆਪਣੇ ਪੁੱਤਰ/ ਪੁੱਤਰੀ ਜੋ 18 ਸਾਲ ਤੋਂ ਵਧੇਰੇ ਉਮਰ ਦਾ ਹੋਵੇ, ਤੋਂ ਖਰਚਾ ਲੈਣ ਦਾ ਹੱਕਦਾਰ ਹੁੰਦਾ ਹੈ ਅਤੇ ਜੇਕਰ ਕਿਸੇ ਬਜ਼ੁਰਗ ਨੇ ਮਿਤੀ 29.12.2007 ਤੋਂ ਬਾਅਦ ਆਪਣੀ ਸੰਪਤੀ ਕਿਸੇ ਨੂੰ ਤਬਾਦਲੇ/ਹੇਵਾਨਾਮਾ ਆਦਿ ਰਾਹੀਂ ਇਸ ਸ਼ਰਤ ਉੱਪਰ ਦਿੱਤੀ ਹੋਵੇ ਕਿ ਉਹ ਬਜ਼ੁਰਗ ਦੀ ਦੇਖਭਾਲ ਕਰੇਗਾ, ਪਰ ਬਾਅਦ ਵਿੱਚ ਉਹ ਲਾਭਪਾਤਰ ਬਜ਼ੁਰਗ ਦੀ ਦੇਖਭਾਲ ਕਰਨ ਤੋਂ ਗੁਰੇਜ਼ ਕਰੇ ਤਾਂ ਉਹ ਬਜ਼ੁਰਗ ਆਪਣੀ ਸੰਪਤੀ ਵਾਪਸ ਮੰਗ ਸਕਦਾ ਹੈ। ਇਸ ਦੇ ਲਈ ਦਰਖ਼ਾਸਤ ਮੇਨਟੇਨੈਂਸ ਟਿ੍ਰਬਿਊਨਲ (ਐਸ.ਡੀ.ਐਮ. ਦਫ਼ਤਰ) ਵਿਖੇ ਲਗਾਉਣੀ ਹੁੰਦੀ ਹੈ। ਉਨ੍ਹਾਂ ਇਸ ਮੌਕੇ ਬਜ਼ੁਰਗਾਂ ਦੇ ਆਧਾਰ ਕਾਰਡ, ਬੁਢਾਪਾ ਪੈਨਸ਼ਨ ਅਤੇ ਹੋਰਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।