ਹਰ ਘਰ ਤਿਰੰਗਾ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਮ ਜਨਤਾ ਨੂੰ ਘਰਾਂ ’ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ

ਰਾਸ਼ਟਰੀ ਝੰਡਾ ਲਾ ਕੇ ਰਾਸ਼ਟਰ ਨਾਲ ਏਕਤਾ ਦਾ ਪ੍ਰਗਟਾਵਾ ਕਰੋ
ਨਵਾਂਸ਼ਹਿਰ, 13 ਅਗਸਤ : ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ।
     ਸਥਾਨਕ ਏ.ਡੀ.ਸੀ ਦਫ਼ਤਰ ਵਿਖੇ ਤਿਰੰਗੇ ਲਹਿਰਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ, ਐਸ.ਡੀ.ਐਮਜ਼ ਬਲਜਿੰਦਰ ਢਿੱਲੋਂ ਅਤੇ ਨਵਨੀਤ ਕੌਰ ਬੱਲ, ਡੀ.ਡੀ.ਪੀ.ਓ. ਦਵਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਆਪਣੀਆਂ ਪੀੜ੍ਹੀਆਂ ਵਿੱਚੋਂ ਸਭ ਤੋਂ ਵੱਧ ਖੁਸ਼ਕਿਸਮਤ ਹਾਂ ਕਿ ਸਾਨੂੰ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦਾ ਮੌਕਾ ਮਿਲਿਆ ਹੈ।
    ਜ਼ਿਲ੍ਹਾ ਵਾਸੀਆਂ ਨੂੰ ਆਪਣੇ ਘਰਾਂ 'ਤੇ ਰਾਸ਼ਟਰੀ ਝੰਡੇ ਲਗਾਉਣ ਲਈ ਪ੍ਰੇਰਿਤ ਕਰਦਿਆਂ ਏ ਡੀ ਸੀ ਵਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਦੇ ਨੋਡਲ ਅਫ਼ਸਰ ਡੀ ਡੀ ਪੀ ਓ ਦਵਿੰਦਰ ਸ਼ਰਮਾ ਰਾਹੀਂ ਜ਼ਿਲ੍ਹੇ ਵਿੱਚ ਲਗਪਗ 70000 ਝੰਡੇ ਵੰਡੇ ਜਾ ਚੁੱਕੇ ਹਨ।  ਇਹ ਝੰਡੇ 20 ਗੁਣਾ 30 ਇੰਚ ਸਾਈਜ਼ ਲਈ 21 ਰੁਪਏ ਜਦਕਿ 16 ਗੁਣਾ 24 ਇੰਚ ਸਾਈਜ਼ ਲਈ 16.50 ਰੁਪਏ ਦੀ ਦਰ ਨਾਲ ਮੁਹੱਈਆ ਕਰਵਾਏ ਗਏ ਹਨ।
   ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਥਾਂ ਤੋਂ ਝੰਡਾ ਪ੍ਰਾਪਤ ਕਰਕੇ ਆਪਣੀ ਇਮਾਰਤ 'ਤੇ ਲਾ ਸਕਦਾ ਹੈ, ਬਸ਼ਰਤੇ ਇਹ 3 ਅਨੁਪਾਤ 2 ਦੇ ਅਨੁਪਾਤ ਵਾਲੇ ਆਕਾਰ ਵਿਚ ਆਇਤਾਕਾਰ ਹੋਵੇ।  ਇਸ ਤੋਂ ਇਲਾਵਾ ਸਮੱਗਰੀ ਪੋਲਿਸਟਰ, ਉੱਨੀ, ਖਾਦੀ ਆਦਿ ਹੋ ਸਕਦੀ ਹੈ ਅਤੇ ਕੱਪੜਾ ਹੱਥੀਂ ਬੁਣਿਆ ਜਾਂ ਮਸ਼ੀਨ ਨਾਲ ਬਣਾਇਆ ਹੋ ਸਕਦਾ ਹੈ।
     ਉਨ੍ਹਾਂ ਕਿਹਾ ਕਿ ਤਿਰੰਗੇ ਨੂੰ ਲਾਉਣ ਵਾਲੇ ਜ਼ਿਲ੍ਹੇ ਦੇ ਹਰ ਘਰ ਅਤੇ ਅਦਾਰੇ ਨੂੰ ਫਲੈਗ ਕੋਡ ਆਫ਼ ਇੰਡੀਆ-2002 ਵਿੱਚ ਦਰਸਾਏ ਰਾਸ਼ਟਰੀ ਝੰਡੇ ਦੇ ਸਤਿਕਾਰ ਅਤੇ ਸਨਮਾਨ ਦਾ ਧਿਆਨ ਰੱਖਣਾ ਚਾਹੀਦਾ ਹੈ।