ਸ਼ਹੀਦਾਂ ਦੀ ਬਦੌਲਤ ਮਨਾ ਰਹੇ ਹਾਂ ਆਜਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ - ਜੈ ਕਿਸ਼ਨ ਸਿੰਘ ਰੋੜੀ

ਟਰਾਂਸਪੋਰਟ ਮਾਫੀਆ ਨੂੰ ਕੀਤਾ ਖ਼ਤਮ

ਆਜ਼ਾਦੀ ਦਿਹਾੜੇ ਮੌਕੇ ਸ: ਜੈ ਕਿਸ਼ਨ ਸਿੰਘ ਰੋੜੀ ਨੇ ਲਹਿਰਾਇਆ ਤਿਰੰਗਾ

ਅੰਮ੍ਰਿਤਸਰ, 15 ਅਗਸਤ 2022 : - ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਆਜ਼ਾਦੀ ਦਿਹਾੜੇ
ਮੌਕੇ ਝੰਡਾ ਲਹਿਰਾਉਣ ਉਪਰੰਤ ਜਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦੇ ਮਾਨਯੋਗ ਡਿਪਟੀ
ਸਪੀਕਰ, ਪੰਜਾਬ ਵਿਧਾਨ ਸਭਾ ਸ: ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਦੇਸ਼ ਭਗਤਾਂ ਦੀਆਂ
ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਦੀ ਬਦੌਲਤ ਹੀ ਅੱਜ ਅਸੀਂ ਇਥੇ ਖੜੇ ਹਾਂ
ਅਤੇ ਮੈਨੂੰ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਸ: ਰੋੜੀ ਨੇ ਕਿਹਾ ਕਿ ਅੱਜ
ਬੜੀ ਖੁਸ਼ੀ ਦੀ ਗੱਲ ਹੈ ਕਿ ਉਨਾਂ ਨੂੰ ਅੰਮ੍ਰਿਤਸਰ ਦੇ ਪਵਿੱਤਰ ਧਰਤੀ ਤੇ ਝੰਡਾ
ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਬਹੁਤ ਸਾਰੇ ਸੰਘਰਸ਼ਾਂ ਤੇ
ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ
ਸਾਨੂੰ ਇਹ ਦਿਹਾੜਾ ਸਾਡੇ ਆਜ਼ਾਦੀ ਘੁਲਾਟੀਆਂ ਵਲੋਂ ਭਾਰਤ ਦੇ ਭਵਿੱਖ ਬਾਰੇ ਲਏ ਗਏ
ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਵੀ ਦਿਵਾਉਂਦਾ ਹੈ ਅਤੇ ਆਪਣੀ ਸਮੂਚੀ ਕਾਰਗੁਜਾਰੀ
ਉਤੇ ਝਾਤ ਮਾਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।

ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ,
ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ
ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ
ਸਮੇਂ-ਸਮੇਂ 'ਤੇ ਆਰੰਭੇ ਗਏ ਸੰਘਰਸ਼ਾਂ ਕਾਰਣ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ।
ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ
ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ
ਆਜ਼ਾਦੀ ਘੁਲਾਟੀਆਂ ਵਿਚ 80 ਫੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ। ਉਨਾਂ
ਕਿਹਾ ਕਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਨ ਰਹੇ
ਹਾਂ ਅਤੇ ਮੈਂ ਸਾਰੇ ਆਜਾਦੀ ਘੁਲਾਟੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਲਾਮ
ਪੇਸ਼ ਕਰਦਾ ਹਾਂ। ਉਨਾਂ ਕਿਹਾ ਕਿ ਇਸਦੇ ਨਾਲ ਹੀ ਮੈਂ ਆਜਾਦੀ ਪ੍ਰਾਪਤੀ ਤੋਂ ਬਾਅਦ ਸਮੇਂ
ਸਮੇਂ ਤੇ ਦੇਸ਼ ਨੂੰ ਕੁਝ ਜੰਗਾਂ ਵੀ ਲੜਨੀਆਂ ਪਈਆਂ ਅਤੇ ਸਾਡੀ ਫੌਜ ਨੇ ਜਿਸ ਤਰ੍ਹਾਂ
ਦੁਸ਼ਮਣਾਂ ਨੂੰ ਹਾਰ ਦਾ ਮੂੰਹ ਵਿਖਾਇਆ, ਉਸ ਲਈ ਮੈਂ ਫੌਜ ਦੀਆਂ ਤਿੰਨਾਂ ਟੁੱਕੜੀਆਂ ਨੂੰ
ਸਜਦਾ ਕਰਦਾ ਹਾਂ।

ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿਚ ਭਰਪੂਰ
ਯੋਗਦਾਨ ਪਾਇਆ ਹੈ ਅਤੇ ਇਹ ਸਭ ਕੁਝ ਖੇਤੀਬਾੜੀ ਵਿਗਿਆਨੀਆਂ ਅਤੇ ਤਕਨੀਕੀ ਮਾਹਰਾਂ ਨੇ
ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਸਿੱਖਿਅਤ ਕਰਨ ਉਨ੍ਹਾਂ ਨੂੰ ਜ਼ਰੂਰੀ ਅਗਵਾਈ ਦੇਣ
ਲਈ ਆਪਣੀਆਂ ਕੋਸ਼ਿਸ਼ਾਂ ਵਿਚ ਵਾਧਾ ਕੀਤਾ ਹੈ।

ਸ: ਰੋੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ
ਰਹਿਨੁਮਾਈ ਵਿੱਚ ਵੱਡੇ ਕਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ, ਜਿਨਾਂ ਦੀ ਸਾਰੇ ਪਾਸਿਓ
ਬਹੁਤ ਸ਼ਲਾਘਾ ਹੋ ਰਹੀ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜੀਰੋ
ਟਾਰਲੈਂਸ ਦੀ ਨੀਤੀ ਅਪਣਾ ਰਹੀ ਹੈ ਅਤੇ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ
ਜਾਵੇਗਾ। ਉਨਾਂ ਕਿਹਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਦੇ ਫੈਸਲੇ ਨਾਲ ਜਿੱਥੇ ਖਜ਼ਾਨੇ ਦਾ
ਬੋਝ ਘੱਟ ਹੋਵੇਗਾ ਉੱਥੇ ਹੀ ਲੋਕਾਂ ਦਾ ਪੈਸਾ ਲੋਕ ਭਲਾਈ ਦੇ ਕੰਮਾਂ ਵਿਚ ਖਰਚ ਕੀਤਾ ਜਾ
ਸਕੇਗਾ। ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਸਾਡੀ ਸਰਕਾਰ ਨੇ ਜੋ ਹੈਲਪਲਾਈਨ ਸ਼ੁਰੂ
ਕੀਤੀ ਸੀ, ਉਸਦੇ ਬਹੁਤ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।

ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਲੋਕ ਭਲਾਈ ਨੀਤੀਆਂ ਦੀ ਗੱਲ ਕਰਦਿਆਂ ਕਿਹਾ ਕਿ
ਇਨਾਂ ਨੀਤੀਆਂ ਨੂੰ ਲਾਗੂ ਕਰਨਾ ਸਾਡੀ ਸਭ ਤੋਂ ਵੱਡੀ ਪਹਿਲਕਦਮੀ ਹੈ। ਉਨਾਂ ਕਿਹਾ ਕਿ
ਆਜ਼ਾਦੀ ਦੇ 75ਵੇਂ ਦਿਵਸ ਮੌਕੇ ਅੱਜ ਪਹਿਲੇ ਗੇੜ ਵਿੱਚ ਸੂਬੇ ਭਰ ਵਿਚ 75 ਆਮ ਆਦਮੀ
ਕਲੀਨਿਕ ਸਥਾਪਿਤ ਕੀਤੇ ਜਾ ਰਹੇ ਹਨ। ਉਨਾਂ ਅੰਮ੍ਰਿਤਸਰ ਜਿਲ੍ਹੇ ਬਾਰੇ ਬੋਲਦਿਆਂ ਕਿਹਾ
ਕਿ ਅੱਜ ਜਿਲ੍ਹੇ ਵਿੱਚ 8 ਮੁਹੱਲਾ ਕਲੀਨਿਕ ਸ਼ੁਰੂ ਹੋ ਜਾਣਗੇ ਅਤੇ ਜਿਨ੍ਹਾਂ ਵਿੱਚ 75
ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਇਸਦੇ ਨਾਲ ਹੀ ਲੋਕਾਂ ਦੀ ਸਹੂਲਤ
ਲਈ ਸੇਵਾ ਕੇਂਦਰਾਂ ਵਿੱਚ 122 ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ
ਕਿ ਸੇਵਾ ਕੇਂਦਰਾਂ ਦੇ ਕੰਮ ਦੇ ਘੰਟੇ ਵੀ ਵਧਾ ਦਿੱਤੇ ਗਏ ਹਨ ਅਤੇ ਹੁਣ ਇਹ ਕੇਂਦਰ
ਸਨੀਵਾਰ ਅਤੇ ਐਤਵਾਰ ਨੂੰ ਵੀ ਸੇਵਾਵਾਂ ਪ੍ਰਦਾਨ ਕਰਦੇ ਹਨ।

ਸ: ਰੋੜੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਕ੍ਰਾਂਤੀਕਾਰੀ ਫੈਸਲਾ ਲੈਂਦੇ ਹੋਏ ਜਿਥੇ
ਲੋਕਾਂ ਦੇ ਬਕਾਇਆ ਬਿਜਲੀ ਦੇ ਬਿਲਾਂ ਨੂੰ ਮਾਫ਼ ਕੀਤਾ ਹੈ , ਉਥੇ ਘਰੇਲੂ ਬਿਜਲੀ
ਖਪਤਕਾਰਾਂ ਨੂੰ ਪ੍ਰਤੀ ਬਿÇਲੰਗ ਸਾਈਕਲ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।
ਉਨਾਂ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਾਨ ਸਰਕਾਰ ਨੇ
ਵੱਡੇ ਵੱਡੇ ਧਨਾਢਾਂ ਤੋਂ ਪੰਚਾਇਤੀ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ ਹਨ।
ਉਨਾਂ ਕਿਹਾ ਕਿ ਇਸ ਦੇ ਨਾਲ ਸਾਡੀ ਸਰਕਾਰ ਨੇ ਟਰਾਂਸਪੋਰਟ ਮਾਫੀਆ 'ਤੇ ਨਕੇਲ ਕਸਦੇ ਹੋਏ
ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਬੱਸਾਂ ਚਲਾਈਆਂ ਅਤੇ ਉਨਾਂ ਦਾ ਕਿਰਾਇਆ ਵੀ ਬਹੁਤ
ਵਾਜਬ ਰੱਖਿਆ। ਉਨਾਂ ਗੰਨਾਂ ਕਾਸ਼ਤਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼ੂਗਰਫੈੱਡ ਵੱਲੋਂ
100 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ ਅਤੇ ਬਕਾਇਆ 15 ਸਤੰਬਰ ਤੱਕ ਦੇ ਦਿੱਤਾ
ਜਾਵੇਗਾ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਘਟਣ ਤੋਂ
ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਸਬਸਿਡੀ ਦੇਣ ਦਾ ਐਲਾਨ
ਵੀ ਕੀਤਾ ਹੈ।

ਸ: ਰੋੜੀ ਨੇ ਕਿਹਾ ਕਿ ਸੂਬੇ ਭਰ ਵਿੱਚ 16 ਹੋਰ ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ ਅਤੇ
ਮਸਤੂਆਣਾ ਸਾਹਿਬ ਵਿਖੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਵਲੋਂ ਮੈਡੀਕਲ ਕਾਲਜ ਦਾ
ਨੀਂਹ ਪੱਥਰ ਰੱਖਿਆ ਗਿਆ ਹੈ। ਉਹ ਮਾਰਚ 2023 ਤੱਕ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਕਿ
ਚੋਣਾਂ ਦੌਰਾਨ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਸਾਡੀ ਸਰਕਾਰ ਨੇ 26 ਹਜ਼ਾਰ
ਨਵੀਆਂ ਅਸਾਮੀਆਂ ਦੀ ਭਰਤੀ, 35000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਕੰਮ ਸ਼ੁਰੂ ਕਰ
ਦਿੱਤਾ ਹੈ। ਉਨਾਂ ਕਿਹਾ ਕਿ ਸਾਡੇ ਸਾਰੇ ਵਿਧਾਇਕ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ
ਹਨ।

ਸ: ਰੋੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਲੋਕਾਂ ਨੇ ਸਾਡੇ ਵਿਚ ਬਹੁਤ ਵੱਡਾ
ਵਿਸ਼ਵਾਸ ਪ੍ਰਗਟਾਇਆ ਹੈ ਅਤੇ ਮੈਂ ਤੁਹਾਨੂੰ ਸਭ ਨੂੰ ਯਕੀਨ ਦਿਵਾਉਂਦਾ ਹਾਂ ਕਿ ਸਾਡੀ
ਸਰਕਾਰ ਤੁਹਾਡਾ ਭਰੋਸਾ ਟੁੱਟਣ ਨਹੀਂ ਦੇਵੇਗੀ।

ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਜਾਦੀ ਦਿਹਾੜੇ ਮੌਕੇ ਸਮੂਹ ਪੰਜਾਬੀਆਂ ਨੂੰ
ਵਧਾਈ ਵੀ ਦਿੱਤੀ ਅਤੇ ਪ੍ਰਭਾਵਸ਼ਾਲੀ ਮਾਰਚ ਪਾਸ਼ਟ ਤੋਂ ਸਾਲਾਮੀ ਲਈ, ਇਸ ਮੌਕੇ ਸ: ਜੈ
ਕਿਸ਼ਨ ਸਿੰਘ ਰੋੜੀ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ
ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਭਾਰੀ ਮੀਂਹ ਹੋਣ ਦੇ ਬਾਵਜੂਦ ਵੀ ਸਕੂਲੀ
ਬੱਚਿਆਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ
ਪੁਲਿਸ ਦੇ ਜਵਾਨਾਂ ਵਲੋਂ ਪ੍ਰਭਾਵਸ਼ਾਲੀ ਮਾਰਚ ਪਾਸ਼ਟ ਪੇਸ਼ ਕੀਤਾ ਗਿਆ। ਇਸ ਮਾਰਚ ਪਾਸਟ
ਵਿਚ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਬੈਂਡ ਅਤੇ ਐਨ.ਸੀ.ਸੀ. ਦੇ
ਬੱਚੇ ਵੀ ਸ਼ਾਮਲ ਸਨ।

ਸਮਾਗਮ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ
ਮੁੱਖ ਮਹਿਮਾਨ ਸ: ਜੈ ਕਿਸ਼ਨ ਸਿੰਘ ਰੋੜੀ ਅਤੇ ਉਨਾਂ ਦੀ ਧਰਮਪਤਨੀ ਨੂੰ ਯਾਦਗਾਰੀ
ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਅਤੇ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਅਤੇ
ਦਿਵਿਆਂਗਾਂ ਨੂੰ ਟ੍ਰਾਈਸਾਈਲ ਦੀ ਵੀ ਵੰਡ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਲੋਂ
ਜਿਲ੍ਹੇ ਦੇ ਸਾਰੇ ਸਕੂਲਾਂ ਨੂੰ ਕੱਲ ਭਾਵ 16 ਅਗਸਤ ਦੀ ਛੁੱਟੀ ਵੀ ਐਲਾਨੀ ਗਈ।

ਇਸ ਮੌਕੇ ਵਿਧਾਇਕ ਸ: ਜਸਬੀਰ ਸਿੰਘ, ਵਿਧਾਇਕ ਡਾ. ਅਜੈ ਗੁਪਤਾ, ਵਿਧਾਇਕ ਮੈਡਮ ਜੀਵਨ
ਜੋਤ ਕੌਰ, ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ, ਏ.ਡੀ.ਜੀ.ਪੀ. ਸ: ਰਾਮ ਸਿੰਘ,
ਆਈ.ਜੀ. ਸ੍ਰੀ ਮੋਹਨੀਸ਼ ਚਾਵਲਾ, ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ
ਰੰਧਾਵਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ
ਰਣਬੀਰ ਸਿੰਘ ਮੂਧਲ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ, ਪਰੇਡ ਕਮਾਂਡਰ ਸ: ਵਰਿੰਦਰ
ਸਿੰਘ ਖੋਸਾ, ਸ੍ਰੀ ਰਵਿੰਦਰ ਹੰਸ ਅਤੇ ਹੋਰ ਜਿਲ੍ਹਾ ਅਧਿਕਾਰੀ ਸ਼ਾਮਲ ਸਨ।