ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਲਵਾਹਾ ਵਿਖੇ 8 ਸਕੂਲਾਂ ਦੇ ਕਲੱਸਟਰ ਪੱਧਰੀ ਟੂਰਨਾਮੈਂਟਾਂ ਦਾ ਸਤਨਾਮ ਸਿੰਘ ਜਲਵਾਹਾ ਨੇ ਕੀਤਾ ਉਦਘਾਟਨ

ਨਵਾਂਸ਼ਹਿਰ 30 ਅਗਸਤ :- ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਲਵਾਹਾ ਵਿਖੇ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਹੋਏ ਕਲੱਸਟਰ ਪੱਧਰੀ ਟੂਰਨਾਮੈਂਟਾਂ ਦਾ ਉਦਘਾਟਨ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਰੀਬਨ ਕੱਟਕੇ ਕੀਤਾ ਅਤੇ ਵੱਖ ਵੱਖ 8 ਸਕੂਲਾਂ ਤੋਂ ਆਏ ਹੋਏ ਵਿਦਿਆਰਥੀਆਂ ਦੇ ਮੈਚਾਂ ਦਾ ਸੁੱਭ ਆਰੰਭ ਕਰਵਾਇਆ ਗਿਆ । ਇਹ ਕਲੱਸਟਰ ਪੱਧਰੀ ਟੂਰਨਾਮੈਂਟ ਸੈਂਟਰ ਹੈਡ ਟੀਚਰ ਸ੍ਰੀ ਅਨਿਲ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਲਵਾਹਾ ਦੇ ਹੈਂਡ ਟੀਚਰ ਮੈਡਮ ਸ਼੍ਰੀਮਤੀ ਸੁਮਨ ਪ੍ਰਿਆ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਹਨ । ਇਸ ਮੌਕੇ ਮੁੱਖ ਮਹਿਮਾਨ ਸਤਨਾਮ ਸਿੰਘ ਜਲਵਾਹਾ ਨੇ ਸਾਰੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਨੂੰ ਖੇਡਾਂ ਨਾਲ ਪਿਆਰ ਕਰਨ ਲਈ ਅਤੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਜਲਵਾਹਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾਣਗੇ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪੜਾਈ ਜਾ ਖੇਡ ਤੋਂ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ । ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਪਹਿਲਾਂ ਜ਼ਿਲ੍ਹਾ ਪੱਧਰ ਉੱਤੇ ਅਤੇ ਫਿਰ ਪੰਜਾਬ ਪੱਧਰ ਉਤੇ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਜਾਵੇਗਾ । ਜਲਵਾਹਾ ਨੇ ਬੱਚਿਆਂ ਨੂੰ ਕਿਹਾ ਕਿ ਨਸ਼ਿਆਂ ਦੇ ਕੋਹੜ ਤੋਂ ਹਰ ਹੀਲੇ ਆਪਣੇ ਆਪ ਨੂੰ ਬਚਾਉਣਾ ਹੈ ਅਤੇ ਨਸ਼ੇ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਖੇਡਾਂ ਨੂੰ ਪਿਆਰ ਕਰੋ ਅਤੇ ਸਵੇਰੇ ਸ਼ਾਮ ਗਰਾਊਂਡ ਵਿੱਚ ਆਪਣੀ ਖੇਡ ਦਾ ਪਰੈਕਟਿਸ ਜ਼ਰੂਰ ਕਰੋ। ਕੁਦਰਤੀ ਬਨਸਪਤੀ ਨੂੰ ਸਾਂਭਣ ਅਤੇ ਗੰਧਲਾ ਹੋਣ ਤੋਂ ਬਚਾਉਣ ਲਈ ਵੀ ਸਤਨਾਮ ਸਿੰਘ ਜਲਵਾਹਾ ਨੇ ਵਿਸ਼ੇਸ਼ ਤੌਰ ਉੱਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ। ਪਾਣੀ ਹਵਾ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸੈਟਰ ਹੈਂਡ ਟੀਚਰ ਸ੍ਰੀ ਅਨਿਲ ਕੁਮਾਰ ਅਤੇ ਮੈਡਮ ਸ਼੍ਰੀਮਤੀ ਸੁਮਨ ਪ੍ਰਿਆ ਨੇ ਵੀ ਸੰਬੋਧਨ ਕੀਤਾ ਅਤੇ ਮੁੱਖ ਮਹਿਮਾਨ ਸਤਨਾਮ ਸਿੰਘ ਜਲਵਾਹਾ ਦਾ ਸਿਰੋਪਾਉ ਦੇਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸੈਟਰ ਹੈਂਡ ਟੀਚਰ ਸ੍ਰੀ ਅਨਿਲ ਕੁਮਾਰ ਅਤੇ ਮੈਡਮ ਸ਼੍ਰੀਮਤੀ ਸੁਮਨ ਪ੍ਰਿਆ ਨੇ ਸਕੂਲ ਵਿੱਚ ਆਉਣ ਲਈ ਸਤਨਾਮ ਸਿੰਘ ਜਲਵਾਹਾ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਜਲਵਾਹਾ ਦੇ ਮਾਣਯੋਗ ਸਰਪੰਚ ਸ਼੍ਰੀ ਦੇਸ ਰਾਜ ਮਾਨ, ਪੰਚ ਮੈਡਮ ਆਸ਼ਾ ਰਾਣੀ, ਪੰਚ ਪਰਮਜੀਤ ਰਾਮ ਦਾ ਵੀ ਸਕੂਲ ਮੁਖੀ ਮੈਡਮ ਸੁਮਨ ਪ੍ਰਿਆ ਵੱਲੋਂ ਸਿਰੋਪਾਓ ਦੇਕੇ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਸੈਂਟਰ ਹੈਡ ਟੀਚਰ ਸ੍ਰੀ ਅਨਿਲ ਕੁਮਾਰ, ਰਾਣੇਵਾਲ ਸਕੂਲ ਤੋਂ ਮੈਡਮ ਟਵਿੰਕਲ ਕੌਸ਼ਲ, ਈਟੀਟੀ ਅਧਿਆਪਕ ਵਿਵੇਕ ਸਿੰਘ, ਟੀਚਰ ਦਲਜੀਤ ਸਿੰਘ, ਮਨਪ੍ਰੀਤ ਸਿੰਘ, ਯੋਗੇਸ਼, ਮੈਡਮ ਮਮਤਾ ਸ਼ਰਮਾ, ਮੈਡਮ ਇੰਦਰਜੀਤ ਕੌਰ, ਸ੍ਰੀਮਤੀ ਮਮਤਾ ਰਾਣੀ, ਮੈਡਮ ਚੇਤਨਾ ਦੀਪਾ, ਸ੍ਰੀਮਤੀ ਦੀਪਿਕਾ, ਮੈਡਮ ਪਰਮਪਾਲ ਕੌਰ, ਮੈਡਮ ਰੂਪੀਤਪਾਲ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵੱਖ ਵੱਖ ਸਕੂਲਾਂ ਦੇ ਬੱਚੇ ਹਾਜ਼ਰ ਸਨ।