ਕੌਮੀ ਲੋਕ ਅਦਾਲਤ 'ਚ 48 ਬੈਂਚ ਰਾਹੀਂ 20583 ਕੇਸਾਂ ਦਾ ਨਿਪਟਾਰਾ ਕਰਕੇ 1308632749 ਰੁਪਏ ਦੇ ਅਵਾਰਡ ਪਾਸ -ਤਰਸੇਮ ਮੰਗਲਾ

ਪਟਿਆਲਾ, 13 ਅਗਸਤ: ਅੱਜ ਪਟਿਆਲਾ ਸੈਸ਼ਨਜ਼ ਡਵੀਜਨ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਦੇਖ-ਰੇਖ ਹੇਠ ਅਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਦੀ ਅਗਵਾਈ ਹੇਠ ਲਗਾਈ ਗਈ ਕੌਮੀ ਲੋਕ ਅਦਾਲਤ ਵਿੱਚ 48 ਬੈਂਚ ਲਗਾਏ ਗਏ ਅਤੇ ਕੁਲ 23484 ਕੇਸ ਰੱਖੇ ਗਏ ਤੇ 20583 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ, ਜਿਸ ਵਿੱਚ  ਲੱਗਭਗ 1308632749 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਦੱਸਿਆ ਕਿ ਜੁਡੀਸ਼ੀਅਲ ਅਦਾਲਤਾਂ ਦੇ 33 ਬੈਂਚਾਂ ਪਟਿਆਲਾ 'ਚ 23, ਰਾਜਪੁਰਾ 'ਚ 05 ਸਮਾਣਾ 'ਚ 03 ਤੇ ਨਾਭਾ 'ਚ 02 ਬੈਂਚਾਂ ਤੋਂ ਇਲਾਵਾ ਪੁਲਿਸ ਸਟੇਸ਼ਨ ਵੂਮੈਨ ਸੈੱਲ ਪਟਿਆਲਾ, ਰਾਜਪੁਰਾ, ਸਮਾਣਾ ਤੇ ਨਾਭਾ ਵਿਖੇ ਵਿਆਹਾਂ ਸਬੰਧੀਂ ਸ਼ਿਕਾਇਤਾਂ ਦਾ ਨਿਪਟਾਰਾ ਐਫ.ਆਈ.ਆਰ ਦਰਜ ਹੋਣ ਤੋਂ ਪਹਿਲਾਂ ਹੀ ਕਰਵਾਉਣ ਲਈ ਚਾਰ ਬੈਂਚਾਂ ਦਾ ਗਠਨ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਪਟਿਆਲਾ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਤੇ ਲੇਬਰ ਕੋਰਟ ਵਿਖੇ ਵੀ ਬੈਂਚਾਂ ਦਾ ਗਠਨ ਕੀਤਾ ਗਿਆ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਅੰਦਰ ਮਾਲ ਅਦਾਲਤਾਂ ਵਿੱਚ ਇੰਤਕਾਲਾਂ ਅਤੇ ਤਕਸੀਮਾਂ ਨਾਲ ਸੰਬੰਧਤ ਕੇਸਾਂ ਦਾ ਨਿਪਟਾਰਾ ਵੀ ਆਪਸੀ ਸਹਿਮਤੀ ਨਾਲ ਕਰਵਾਉਣ ਲਈ 10  ਬੈਂਚ  ਲਗਾਏ ਗਏ।
ਜ਼ਿਲ੍ਹਾ ਅਦਾਲਤਾਂ 'ਚ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਤਰਸੇਮ ਮੰਗਲਾ ਅਦਾਲਤੀ ਬੈਂਚਾਂ ਦਾ ਦੌਰਾ ਕੀਤਾ। ਸ੍ਰੀ ਅਰੁਣ ਗੁਪਤਾ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਨੈਸ਼ਨਲ ਲੋਕ ਅਦਾਲਤ ਦੇ 471 ਬੈਂਚ ਬਣਾਏ ਗਏ ਸਨ ਜਿਸ ਵਿੱਚ ਕੁਲ 236096 ਕੇਸ ਲਗਾਏ ਗਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਦਾ ਟੀਚਾ ਵੱਧ ਤੋਂ ਵੱਧ ਕੇਸਾਂ ਦਾ ਸਮਝੌਤਿਆਂ ਰਾਂਹੀ ਨਿਪਟਾਰਾ ਕਰਵਾਉਣਾ ਹੈ। ਦੋਵਾਂ ਜੱਜਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝਗੜੇ ਲੋਕ ਅਦਾਲਤਾਂ ਰਾਂਹੀ ਆਪਸੀ ਸਹਿਮਤੀ ਨਾਲ ਨਿਪਟਾਉਣ ਅਤੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਬਚਾਉਣ।