ਨਵਾਂਸ਼ਹਿਰ 25 ਅਗਸਤ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਹਾਈ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਦੇ ਜੋਨ ਪੱਧਰੀ ਟੂਰਨਾਮੈਂਟ ਦਾ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀ ਲਖਬੀਰ ਸਿੰਘ ਵੱਲੋਂ ਆਏ ਹੋਏ ਮੁੱਖ ਮਹਿਮਾਨ ਸਤਨਾਮ ਸਿੰਘ ਜਲਵਾਹਾ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜੀ ਆਇਆਂ ਆਖਿਆ। ਇਸ ਮੌਕੇ ਜਲਵਾਹਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਭਰਪੂਰ ਕੋਸ਼ਿਸ਼ ਕਰ ਰਹੀ ਹੈ ਅਤੇ ਜ਼ੋਨ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਸਾਰੇ ਬੱਚਿਆਂ ਨੂੰ ਡੱਟਕੇ ਆਪਣੇ ਟੇਲੈਂਟ ਦੇ ਜੌਹਰ ਦਿਖਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਵਿੱਚ ਐਨਾ ਟੇਲੈਂਟ ਹੈ ਕਿ ਉਹ ਪੂਰੀ ਦੁਨੀਆ ਜਿੱਤਣ ਦਾ ਜਜ਼ਬਾ ਰੱਖਦੇ ਹਨ। ਜਲਵਾਹਾ ਨੇ ਕਿਹਾ ਕਿ ਜਿਹੜੇ ਬੱਚੇ ਪੜ੍ਹਾਈ ਅਤੇ ਖੇਡਾਂ ਵਿੱਚ ਅੱਵਲ ਆਉਣਗੇ ਉਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਤੌਰ ਉੱਤੇ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪੰਜਾਬ ਪੱਧਰ ਉੱਤੇ ਵੀ ਖੇਡਣ ਦਾ ਮੌਕਾ ਮਿਲੇਗਾ ਜਿੱਥੇ ਉਹ ਆਪਣੇ ਖੇਡਾਂ ਜਰੀਏ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਹਨ। ਤੰਦਰੁਸਤ ਜੀਵਨ ਲਈ ਇਨਸਾਨ ਦੀ ਜ਼ਿੰਦਗੀ ਵਿੱਚ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਤਨਾਮ ਸਿੰਘ ਜਲਵਾਹਾ ਨੇ ਬੱਚਿਆਂ ਨੂੰ ਕਿਹਾ ਕਿ ਨਸ਼ਿਆਂ ਦੇ ਕੋਹੜ ਤੋਂ ਬਚਣ ਲਈ ਗਰਾਊਂਡ ਨਾਲ ਅਤੇ ਖੇਡਾਂ ਨਾਲ ਪਿਆਰ ਕਰੋ ਤਾਂ ਜੋ ਤੁਸੀਂ ਇੱਕ ਜ਼ੁੰਮੇਵਾਰ ਅਤੇ ਕਾਬਿਲ ਇਨਸਾਨ ਬਣ ਸਕੋ। ਇਸ ਮੌਕੇ ਜਲਵਾਹਾ ਨੇ ਕਬੱਡੀ ਦਾ ਮੈਚ ਸ਼ੁਰੂ ਕਰਵਾਉਣ ਤੋਂ ਪਹਿਲਾਂ ਰੀਬਨ ਕੱਟ ਕੇ ਖੇਡਾਂ ਦਾ ਉਦਘਾਟਨ ਕੀਤਾ ਅਤੇ ਮਾਣਯੋਗ ਪ੍ਰਿੰਸੀਪਲ ਸ਼੍ਰੀ ਲਖਬੀਰ ਸਿੰਘ ਨੇ ਸਾਰੀਆਂ ਟੀਮਾਂ ਬਾਰੇ ਆਏ ਹੋਏ ਅਧਿਆਪਕਾਂ ਅਤੇ ਸਕੂਲ ਸਟਾਫ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਲਵਾਹਾ ਨੇ ਸਰਕਾਰੀ ਹਾਈ ਸਕੂਲ ਕੋਟਰਾਝਾ ਦੀ ਸਮੁੱਚੀ ਬਿਲਡਿੰਗ ਅਤੇ ਹਰ ਇੱਕ ਕਲਾਸ ਰੂਮ ਨੂੰ ਬਾਖ਼ੂਬੀ ਤਰੀਕੇ ਨਾਲ ਖ਼ੂਬਸੂਰਤ ਬਣਾਉਣ ਕਰ ਕੇ ਅਤੇ ਬੱਚਿਆਂ ਦੀ ਪੜ੍ਹਾਈ ਲਈ ਹਰ ਇੱਕ ਚੀਜ਼ ਉਪਲਬਧ ਕਰਵਾਈ ਹੋਣ ਕਰ ਕੇ ਸਕੂਲ ਪ੍ਰਿੰਸੀਪਲ ਸ਼੍ਰੀ ਲਖਬੀਰ ਸਿੰਘ ਨੂੰ ਅਤੇ ਸਮੂਹ ਸਟਾਫ ਨੂੰ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਪ੍ਰਗਟ ਕੀਤੀ ਕਿ ਅਗਰ ਬਾਕੀ ਸਕੂਲਾਂ ਦੇ ਅਧਿਆਪਕ ਵੀ ਇਹ ਸ਼ੌਕ ਪਾਲ ਲੈਣ ਤਾਂ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਜ਼ਿਆਦਾ ਸੋਹਣੇ ਬਣਾਏ ਜਾ ਸਕਦੇ ਹਨ। ਕਰੀਬ 25 ਅਲੱਗ ਅਲੱਗ ਸਕੂਲਾਂ ਦੇ ਬੱਚਿਆਂ ਨੇ ਇਨ੍ਹਾਂ ਜੋਨ ਪੱਧਰੀ ਖੇਡਾਂ ਵਿੱਚ ਹਿੱਸਾ ਲਿਆ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਪ੍ਰਿੰਸੀਪਲ ਲਖਬੀਰ ਸਿੰਘ ਅਤੇ ਸਮੂਹ ਸਕੂਲ ਸਟਾਫ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਸਾਰੀ ਟੀਮ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸੁਰਿੰਦਰ ਸਿੰਘ ਸੰਘਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ,ਸਰਕਲ ਪ੍ਰਧਾਨ ਵਿਜੇ ਕੁਮਾਰ ਸੋਨੀ, ਯੂਥ ਆਗੂ ਯੋਧਵੀਰ ਕੰਗ, ਭੁਪਿੰਦਰ ਭਿੰਦਾ ਰਾਹੋਂ, ਸੁਰਿੰਦਰ ਸਿੰਘ ਭਾਰਟਾ, ਮਲਕੀਤ ਸਿੰਘ ਨਵਾਂਸ਼ਹਿਰ,ਹਰਦੀਪ ਬੌਬੀ ਆਦਿ ਆਪ ਆਗੂਆਂ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।