ਜ਼ਿਲ੍ਹੇ ਵਿੱਚ 17 ਅਗਸਤ ਤੋਂ 19 ਸਤੰਬਰ ਤੱਕ ਵਿਸ਼ੇਸ਼ ਸਮਾਜਿਕ ਸੁਰੱਖਿਆ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾਣਗੇ

ਨਵਾਂਸ਼ਹਿਰ , 12 ਅਗਸਤ - ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿਭਾਗ ਦੀ ਮਾਸਿਕ ਸਮਾਜਿਕ ਸਹਾਇਤਾ ਵਿੱਤੀ ਸਕੀਮ (ਬੁਢਾਪਾ ਪੈਨਸ਼ਨ ਤੇ ਹੋਰ) ਦੇ ਬਿਨੈਕਾਰਾਂ ਦੀ ਸਹੂਲਤ ਲਈ 17 ਅਗਸਤ ਤੋਂ 28 ਸਤੰਬਰ ਤੱਕ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾਣਗੇ।
     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਕੈਂਪਾਂ ਵਿੱਚ ਆਉਣ ਵਾਲੇ ਬਿਨੈਕਾਰਾਂ ਦੀ ਸਹੂਲਤ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਾਜਕਿਰਨ ਨੂੰ ਨੋਡਲ ਅਫ਼ਸਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲ ਤੇ ਮੁੜ ਵਸੇਬਾ ਵਿਭਾਗ ਦੇ ਫੀਲਡ ਅਫਸਰਾਂ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰਾਂ ਨੂੰ ਕੈਂਪਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਬਿਨੈਕਾਰਾਂ ਨੂੰ ਇਸ ਕੈਂਪ ਵਿੱਚ ਯੋਜਨਾਬੱਧ ਤਰੀਕੇ ਨਾਲ ਸਹੂਲਤ ਦਿੱਤੀ ਜਾ ਸਕੇ। 
     ਮਿਸ ਰਾਜਕਿਰਨ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪ੍ਰਵਾਨ ਕੀਤੇ ਪ੍ਰੋਗਰਾਮ ਅਨੁਸਾਰ ਪਹਿਲੇ ਪੜਾਅ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਸੱਤ ਮੈਗਾ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਲਈ ਤਿਆਰ ਕੀਤੇ ਪ੍ਰੋਗਰਾਮ ਅਨੁਸਾਰ ਪਹਿਲਾ ਕੈਂਪ 17 ਅਗਸਤ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਟੌਂਸਾ ਵਿਖੇ ਆਸ-ਪਾਸ ਦੇ 21 ਪਿੰਡਾਂ ਲਈ ਲਗਾਇਆ ਜਾਵੇਗਾ। ਦੂਸਰਾ ਕੈਂਪ 24 ਅਗਸਤ ਨੂੰ ਸਰਕਾਰੀ ਹਾਈ ਸਕੂਲ ਮੇਨ ਰੋਡ ਪੋਜੇਵਾਲ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਆਸ-ਪਾਸ ਦੇ 7 ਪਿੰਡਾਂ ਦੇ ਬਿਨੈਕਾਰ ਭਾਗ ਲੈ ਸਕਣਗੇ। ਇਸ ਤੋਂ ਇਲਾਵਾ 15 ਪਿੰਡਾਂ ਲਈ ਤੀਜਾ ਕੈਂਪ 31 ਅਗਸਤ ਨੂੰ ਧਰਮਗਿਰ ਮੰਦਰ ਔੜ ਵਿਖੇ ਲਗਾਇਆ ਜਾਵੇਗਾ। ਚੌਥਾ ਕੈਂਪ 7 ਸਤੰਬਰ ਨੂੰ ਬੀ ਡੀ ਪੀ ਓ ਦਫ਼ਤਰ ਬੰਗਾ ਵਿਖੇ ਸ਼ਹਿਰੀ ਵਾਰਡ ਨੰ. 1 ਤੋਂ 15 ਅਤੇ ਪਿੰਡ ਪੂਨੀਆ ਅਤੇ ਹਮੀਰੋਵਾਲ ਦੇ ਬਿਨੈਕਾਰਾਂ ਵਾਸਤੇ ਲਾਇਆ ਜਾਵੇਗਾ। ਸਰਕਾਰੀ ਸੈਕੰਡਰੀ ਸਕੂਲ ਜਾਡਲਾ ਵਿਖੇ 14 ਸਤੰਬਰ ਨੂੰ ਲੱਗਣ ਵਾਲਾ ਪੰਜਵਾਂ ਕੈਂਪ ਨੇੜਲੇ 15 ਪਿੰਡਾਂ ਨੂੰ ਸਹੂਲਤ ਦੇਵੇਗਾ। ਕਾਠਗੜ੍ਹ ਨੇੜਲੇ 21 ਪਿੰਡਾਂ ਲਈ ਛੇਵਾਂ ਕੈਂਪ 21 ਸਤੰਬਰ ਨੂੰ ਕਮਿਊਨਿਟੀ ਹਾਲ ਕਾਠਗੜ੍ਹ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੱਤਵਾਂ ਅਤੇ ਆਖਰੀ ਕੈਂਪ ਬਲਾਚੌਰ ਦੇ ਸੜੋਆ ਬਲਾਕ ਦੇ ਗੁਰਦੁਆਰਾ ਸਿੰਘ ਸਭਾ ਮਾਜਰੀ ਵਿਖੇ ਆਸ ਪਾਸ ਦੇ 10 ਪਿੰਡਾਂ ਲਈ 28 ਸਤੰਬਰ ਨੂੰ ਲਗਾਇਆ ਜਾਵੇਗਾ।
    ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਬਜ਼ੁਰਗ, ਵਿਧਵਾ, ਦਿਵਿਆਂਗ ਅਤੇ ਆਸ਼ਰਿਤ ਨਾਬਾਲਗਾਂ ਲਈ ਮਹੀਨਾਵਾਰ ਆਧਾਰ 'ਤੇ ਵਿੱਤੀ ਲਾਭ ਦੇ ਯੋਗ ਹਨ, ਉਹ ਇਨ੍ਹਾਂ ਕੈਂਪਾਂ ਵਿੱਚ ਆਪਣੇ ਘਰਾਂ ਨੇੜੇ ਲੱਗ ਰਹੇ ਕੈਂਪਾਂ ਵਿੱਚ ਪਹੁੰਚ ਕੇ ਜ਼ਰੂਰ ਪਹੁੰਚਣ।