ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਨੇ ਭਾਰਤੀਆਂ ਵਿਚ ਅਜ਼ਾਦੀ ਦੀ ਚਿਣਗ ਬਾਲੀ-ਪ੍ਰੋ ਬੇਦੀ

ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ 'ਤੇ ਸਮਾਗਮ
ਅੰਮ੍ਰਿਤਸਰ, 19 ਅਗਸਤ :-- ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਵਸ ਮੌਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਪਦਮਸ਼੍ਰੀ ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਲੰਦਨ ਵਿਚ ਭਾਰਤੀ ਵਿਦਿਆਰਥੀਆਂ ਵਿਰੋਧੀ ਕਾਰਵਾਈ ਕਾਰਨ ਜਦੋਂ ਸ੍ਰੀ ਢੀਂਗਰਾ ਵੱਲੋਂ ਸਰ ਕਰਜਨ ਵਾਇਲੀ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਤਾਂ ਇਸ ਘਟਨਾ ਨੂੰ ਉਸ ਵੇਲੇ ਦੇ ਮੀਡੀਏ ਨੇ ਵਿਸ਼ਵ ਭਰ ਵਿਚ ਛਾਪਿਆ, ਜਿਸ ਸਦਕਾ ਅੰਗਰੇਜ਼ਾਂ ਵਿਰੁੱਧ ਅਮਰੀਕਾ, ਕੈਨੇਡਾ ਤੇ ਭਾਰਤ ਵਿਚ ਚੱਲ ਰਹੀ ਲਹਿਰ ਨੂੰ ਹੋਰ ਬਲ ਮਿਲਿਆ ਤੇ ਦੇਸ਼ ਭਗਤਾਂ ਨੇ ਬੜੇ ਉਤਸ਼ਾਹ ਨਾਲ ਲਹਿਰ ਨੂੰ ਹੋਰ ਪ੍ਰਚੰਡ ਕੀਤਾ। ਉਨਾਂ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦ ਦਾ ਜੀਵਨ ਸਦਾ ਹੀ ਕੌਮਾਂ ਲਈ ਪ੍ਰੇਰਨਾ ਸਰੋਤ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਅੱਜ ਅਸੀਂ ਇੰਨਾਂ ਸ਼ਹੀਦਾਂ ਦੀ ਬਦੌਲਤ ਹੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਸ਼ਹੀਦਾਂ ਦੁਆਰਾ ਦਰਸਾਏ ਗਏ ਰਸਤੇ ਉਤੇ ਚੱਲੀਏ। ਪ੍ਰੋ.ਬੇਦੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਅੰਮ੍ਰਿਤਸਰ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਵਿਖੇ ਸ਼ਹੀਦ ਹੋਣ ਵਾਲੇ ਸੂਰਬੀਰਾਂ ਤੋਂ ਇਲਾਵਾ ਵੀ ਜਿੰਨੀ ਲਹਿਰਾਂ ਚੱਲੀਆਂ, ਉਸ ਵਿਚ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ ਦੇਸ਼ ਭਗਤ ਸ਼ਾਮਿਲ ਰਹੇ। ਇਸ ਮੌਕੇ ਸ਼ਹੀਦ ਨੂੰ ਸ਼ਰਧਾ ਭੇਟ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਦੇਸ਼  ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਅਤੇ ਉਨਾਂ ਦੇ ਪਰਿਵਾਰ ਦੇਸ਼ ਦਾ ਅਨਮੋਲ ਸਰਮਾਇਆ ਹਨ । ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਲੱਖਾਂ ਹੀ ਦੇਸ਼ ਭਗਤਾਂ, ਸ਼ੂਰਬੀਰ ਯੋਧਿਆਂ ਨੇ ਕੁਰਬਾਨੀ ਦਿੱਤੀ ਹੈ, ਜਿੰਨਾਂ ਦੀ ਬਦੌਲਤ ਅਸੀਂ ਅੱਜ ਆਜ਼ਾਦ ਫਿਜਾਂ ਵਿੱਚ ਘੁੰਮ ਰਹੇ ਹਾਂ ਅਤੇ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ।  ਇਸ ਮੌਕੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਤਸਵੀਰ ਉਤੇ ਫੁੱਲ ਭੇਟ ਕਰਕੇ ਮੁੱਖ ਮਹਿਮਾਨ ਤੇ ਸਾਰੀਆਂ ਸਖਸ਼ੀਅਤਾਂ ਨੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਐਸ:ਡੀ:ਐਮ ਸ੍ਰੀ ਮਨਕੰਵਲ ਸਿੰਘ ਚਾਹਲ, ਸਹਾਇਕ ਕਮਿਸ਼ਨਰ ਸ੍ਰੀ ਸਚਿਨ ਪਾਠਕ, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।