-ਸਮੂਹ ਖਿਡਾਰੀ ਵੈਬਸਾਈਟ ਪੋਰਟਲ 'ਤੇ ਜਾ ਕੇ ਕਰਵਾਉਣ ਰਜਿਸਟ੍ਰੇਸ਼ਨ-ਸਾਕਸ਼ੀ ਸਾਹਨੀ
-ਹੁਣ ਤੱਕ 3300 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ
ਪਟਿਆਲਾ, 25 ਅਗਸਤ : ਖੇਡਾਂ ਵਤਨ ਪੰਜਾਬ ਦੀਆਂ ਲਈ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਇਨ੍ਹਾਂ ਖੇਡਾਂ 'ਚ ਹਿੱਸਾ ਲੈਣ ਲਈ ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ ਹੁਣ 30 ਅਗਸਤ ਤੱਕ ਵਧਾ ਦਿੱਤੀ ਹੈ, ਜੋ ਕਿ ਪਹਿਲਾਂ 25 ਅਗਸਤ ਸੀ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਵਾਲੀਆਂ ਇਨ੍ਹਾਂ ਖੇਡਾਂ 'ਚ ਬਲਾਕ ਤੋਂ ਸੂਬਾ ਪੱਧਰ ਤੱਕ ਦੇ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ 30 ਅਗਸਤ ਤੱਕ ਆਨਲਾਈਨ ਪੋਰਟਲ https://www.punjabkhedmela2022.in/ ਉਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਇਲਾਵਾ ਖਿਡਾਰੀ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਦੇ ਦਫ਼ਤਰ 'ਚ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 3300 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਵਿੱਚੋਂ 1500 ਨੇ ਆਨਲਾਈਨ ਅਤੇ 1800 ਖਿਡਾਰੀਆਂ ਨੇ ਆਫ਼ਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਿਡਾਰੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਖੇਡ ਵਿਭਾਗ ਦੇ ਦਫ਼ਤਰ ਵਿਖੇ ਜਾ ਕੇ ਵਿਭਾਗ ਦੀ ਮਦਦ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਸਮੂਹ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਦੇਖ-ਰੇਖ ਹੇਠ 29 ਅਗਸਤ ਤੋਂ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਵੀ ਇਹ ਖੇਡਾਂ ਕਰਵਾਉਣ ਲਈ ਟੀਮ ਪਟਿਆਲਾ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ 31 ਅਗਸਤ ਤੋਂ 7 ਸਤੰਬਰ ਤੱਕ ਇੱਥੇ ਬਲਾਕ ਪੱਧਰ 'ਤੇ ਅਥਲੈਕਿਟਸ, ਫੁੱਟਬਾਲ, ਖੋ-ਖੋ, ਕਬੱਡੀ, ਰੱਸਾਕਸੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰੀ ਬਲਾਕ ਦੀਆਂ ਖੇਡਾਂ ਪੋਲੋ ਗਰਾਂਊਂਡ ਵਿਖੇ, ਨਾਭਾ ਦੀਆਂ ਰਿਪੁਦਮਨ ਕਾਲਜ, ਪਾਤੜਾਂ ਦੀਆਂ ਖੇਡ ਸਟੇਡੀਅਮ ਘੱਗਾ, ਸ਼ੰਭੂ ਦੀਆਂ ਕਪੂਰੀ ਸਕੂਲ ਵਿਖੇ, ਭੁਨਰਹੇੜੀ ਬਲਾਕ ਦੀਆਂ ਖੇਡਾਂ ਸ਼ਹੀਦ ਊਧਮ ਸਿੰਘ ਸਟੇਡੀਅਮ ਭੁਨਰਹੇੜੀ ਅਤੇ ਨਵੋਦਿਆ ਵਿਦਿਆਲਿਆ ਫ਼ਤਹਿਪੁਰ ਰਾਜਪੂਤਾਂ ਵਿਖੇ ਕਰਵਾਈਆਂ ਜਾਣਗੀਆਂ।
ਇਸ ਤੋਂ ਬਿਨ੍ਹਾਂ ਸਮਾਣਾ ਬਲਾਕ ਦੀਆਂ ਪਬਲਿਕ ਕਾਲਜ ਤੇ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ, ਪਟਿਆਲਾ ਦਿਹਾਤੀ ਦੀਆਂ ਫ਼ਿਜੀਕਲ ਕਾਲਜ, ਰਾਜਪੁਰਾ ਦੀਆਂ ਨੀਲਪੁਰ ਸਟੇਡੀਅਮ, ਘਨੌਰ ਦੀਆਂ ਲਾਛੜੂ ਵਿਖੇ ਅਤੇ ਸਨੌਰ ਦੀਆਂ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿਖੇ ਖੇਡਾਂ ਕਰਵਾਈਆਂ ਜਾਣਗੀਆਂ।