ਆਮ ਆਦਮੀ ਕਲੀਨਿਕ ਰਾਹੋਂ ਵਿੱਚ ਅੱਜ 65 ਮਰੀਜ਼ਾਂ ਨੇ ਲਿਆ ਮੁਫ਼ਤ ਇਲਾਜ ਦਾ ਲਾਭ

ਲੋਕਾਂ ਨੂੰ ਘਰਾਂ ਦੇ ਨੇੜੇ ਬਿਹਤਰ ਸਿਹਤ ਸੇਵਾਵਾਂ ਯਕੀਨੀ ਬਣਾਉਣਗੇ ਆਮ ਆਦਮੀ ਕਲੀਨਿਕ
ਨਵਾਂਸ਼ਹਿਰ, 16 ਅਗਸਤ  : ਆਮ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਰਾਹੋਂ ਦੇ ਸਰਾਫਾਂ ਮੁਹੱਲਾ ਵਿਖੇ ਬਣਾਏ ਗਏ ਆਮ ਆਦਮੀ ਕਲੀਨਿਕ ਨੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨਵੇਂ ਖੋਲ੍ਹੇ ਗਏ ਇਸ ਕਲੀਨਿਕ ਵਾਸਤੇ ਇੱਕ ਮੈਡੀਕਲ ਅਫ਼ਸਰ ਤੋਂ ਇਲਾਵਾ ਫ਼ਾਰਮਾਸਿਸਟ, ਕਲੀਨੀਕਲ ਸਹਾਇਕ ਤੇ ਚੌਕੀਦਾਰ ਸਮੇਤ ਚਾਰ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਟਾਫ਼ ਤਾਇਨਾਤ ਕੀਤਾ ਗਿਆ ਹੈ।
ਇਸ ਕਲੀਨਿਕ ਵਿਚ ਅੱਜ 65 ਮਰੀਜ਼ਾਂ ਨੇ ਮੁਫ਼ਤ ਇਲਾਜ ਦਾ ਲਾਭ ਲਿਆ, ਜਿਨ੍ਹਾਂ ਵਿੱਚੋਂ 12 ਵਿਅਕਤੀਆਂ ਦੇ ਬਲੱਡ ਸੈਂਪਲ ਵੀ ਲਏ ਗਏ। ਇਹ ਬਲੱਡ ਸੈਂਪਲ ਕਿ੍ਰਸ਼ਨਾ ਡਾਇਗਨੌਸਟਿਕ ਨੂੰ ਭੇਜੇ ਜਾਣੇ ਹਨ।
ਸਿਵਲ ਸਰਜਨ ਡਾ ਦਵਿੰਦਰ ਢਾਂਡਾ ਨੇ ਦੱਸਿਆ ਕਿ ਇਸ ਕਲੀਨਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੇ ਸਟਾਫ਼, ਸਾਜ਼ੋ-ਸਾਮਾਨ ਅਤੇ ਬੁਨਿਆਦੀ ਢਾਂਚੇ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਕਲੀਨਿਕ ਦੀ ਸਥਾਪਨਾ ਨਾਲ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਦਰ 'ਤੇ ਲੋੜੀਦੀਆਂ ਸਿਹਤ ਸੇਵਾਵਾਂ ਮਿਲ ਸਕਣਗੀਆਂ, ਸਗੋਂ ਇਹ ਕਲੀਨਿਕ ਹਸਪਤਾਲਾਂ ਵਿੱਚ ਭੀੜ ਨੂੰ ਘਟਾਉਣ ਵਿੱਚ ਵੀ ਸਹਾਈ ਸਿੱਧ ਹੋਣਗੇ।
ਡਾ ਢਾਂਡਾ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਮਜ਼ਬੂਤ ਅਤੇ ਸਿਹਤਮੰਦ ਪੰਜਾਬ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਅਨੁਸਾਰ ਸੂਬੇ ਦੇ ਸਿਹਤ ਸੰਭਾਲ ਢਾਂਚੇ ਵਿੱਚ ਸੁਧਾਰ ਕਰਨ ਅਤੇ ਆਪਣੇ ਨਾਗਰਿਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਹ ਕਲੀਨਿਕ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਪਿਤ ਕੀਤੇ ਗਏ ਹਨ ਕਿ ਸਿਹਤ ਸੰਭਾਲ ਸੂਬੇ ਦੇ ਹਰੇਕ ਨਾਗਰਿਕ ਦਾ ਅਧਿਕਾਰ ਹੈ। ਇਸ ਸਹੂਲਤ ਨਾਲ ਸੂਬੇ ਦੇ ਹਰ ਨਾਗਰਿਕ ਨੂੰ ਮੁਫ਼ਤ ਸਿਹਤ ਸੇਵਾਵਾਂ ਮਿਲਣਗੀਆਂ। ਹੁਣ ਛੋਟੀਆਂ ਬਿਮਾਰੀਆਂ ਦੇ ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਇਲਾਜ ਲਈ ਆਉੁਣ ਵਾਲੇ ਲੋਕਾਂ ਨੂੰ ਲਗਭਗ 100 ਤਰ੍ਹਾਂ ਦੇ ਕਲੀਨੀਕਲ ਟੈਸਟਾਂ ਵਾਲੇ 41 ਪੈਕੇਜ ਮੁਫ਼ਤ ਦਿੱਤੇ ਜਾਣਗੇ। ਆਮ ਆਦਮੀ ਕਲੀਨਿਕ ਵਿੱਚ 90 ਫ਼ੀਸਦੀ ਮਰੀਜ਼ਾਂ ਦਾ ਇਲਾਜ ਹੋਵੇਗਾ। ਇਨ੍ਹਾਂ ਕਲੀਨਿਕਾਂ ਰਾਹੀਂ ਵਿਸ਼ੇਸ਼ ਦੇਖਭਾਲ ਲਈ ਰੈਫਰਲ ਅਤੇ ਬਾਅਦ ਵਿੱਚ ਫਾਲੋ-ਅੱਪ ਵੀ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕਲੀਨਿਕ ਗਰਮੀਆਂ 'ਚ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਅਤੇ ਸਰਦੀਆਂ 'ਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਮਾਰੀਆਂ ਦੀ ਜਾਂਚ ਅਤੇ ਕਲੀਨੀਕਲ ਟੈਸਟਾਂ ਸਮੇਤ ਵੱਖ-ਵੱਖ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਕੇ ਮੁੱਢਲੇ ਸਿਹਤ ਸੰਭਾਲ ਸਿਸਟਮ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਮਿਆਰੀ ਇਲਾਜ ਮਿਲੇਗਾ ਅਤੇ ਇਹ ਕਲੀਨਿਕ ਰੈਫ਼ਰਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਵਿੱਚ ਹੋਰ ਮੱਦਦ ਕਰਨਗੇ।  
ਫ਼ੋਟੋ ਕੈਪਸ਼ਨ: ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਆਮ ਆਦਮੀ ਕਲੀਨਿਕ ਰਾਹੋਂ ਦਾ ਜਾਇਜ਼ਾ ਲੈਣ ਮੌਕੇ ਸਟਾਫ਼ ਨਾਲ ਨਜ਼ਰ ਆ ਰਹੇ ਹਨ।