ਨਵਾਂਸ਼ਹਿਰ 6 ਅਗਸਤ : ਬੱਬਰ ਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਕਰਵਾਏ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਦੇ ਤੌਰ ਉੱਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਨੌਜਵਾਨ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਕਰਕੇ ਪੰਜਾਬ ਨੂੰ ਦੁਬਾਰਾ ਹੱਸਦਾ ਵੱਸਦਾ ਅਤੇ ਰੰਗਲਾ ਪੰਜਾਬ ਬਣਾਉਣਾ ਆਪ ਸਰਕਾਰ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ 10ਵੀਂ 11ਵੀਂ ਅਤੇ 12ਵੀਂ ਕਲਾਸ ਵਿੱਚ ਪੜਦੇ ਨੌਜਵਾਨ ਬੱਚੇ ਚੜਦੀ ਜਵਾਨੀ ਵਿੱਚ ਇਨ੍ਹਾਂ ਘਾਤਕ ਤੇ ਮਾਰੂ ਨਸ਼ਿਆਂ ਦੀ ਦਲਦਲ ਵਿੱਚ ਨਾ ਫਸਣ ਇਸੇ ਲਈ ਪੰਜਾਬ ਦੀ ਮਾਨ ਸਰਕਾਰ ਵੱਲੋਂ ਅਲੱਗ-ਅਲੱਗ ਸਕੂਲਾਂ ਕਾਲਜਾਂ ਵਿੱਚ ਇਹ ਸੈਮੀਨਾਰ ਕਰਵਾਏ ਜਾ ਰਹੇ ਹਨ। ਇਨ੍ਹਾਂ ਸੈਮੀਨਾਰਾਂ ਨੂੰ ਨੇਪਰੇ ਚੜਾਉਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨਸ਼ਾ ਮੁਕਤ ਪੰਜਾਬ ਅਭਿਆਨ ਦੇ ਜ਼ਿਲ੍ਹਾ ਕੋਆਰਡੀਨੇਟਰ ਸ ਮੰਗ ਗੁਰਪ੍ਰਸਾਦ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਸਕੂਲ ਪ੍ਰਿੰਸੀਪਲ ਸ ਸੁਖਵੀਰ ਸਿੰਘ ਅਟਾਲ ਮਜਾਰਾਂ ਅਤੇ ਸਮੂਹ ਟਰੱਸਟ ਦੇ ਸਹਿਯੋਗ ਸਦਕਾ ਵਧੀਆ ਪ੍ਰਬੰਧ ਕੀਤਾ ਗਿਆ। ਜਲਵਾਹਾ ਨੇ ਬੱਚਿਆਂ ਨੂੰ ਜਿਥੇ ਨਸ਼ਿਆਂ ਦੇ ਕੋਹੜ ਤੋਂ ਬਚਣ ਲਈ ਕੀਮਤੀ ਵਿਚਾਰ ਸਾਂਝੇ ਕੀਤੇ ਉਥੇ ਉਨ੍ਹਾਂ ਨੇ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਪਵਿੱਤਰ ਮਹਾਵਾਕ ਉਤੇ ਪਹਿਰਾ ਦੇਣ ਲਈ ਵੀ ਵਿਸ਼ੇਸ਼ ਤੌਰ ਉੱਤੇ ਆਖਿਆ। ਜਲਵਾਹਾ ਨੇ ਬੱਚਿਆਂ ਨੂੰ ਹਵਾ ਪਾਣੀ ਅਤੇ ਧਰਤੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਵੀ ਵਿਸ਼ੇਸ਼ ਤੌਰ ਉਤੇ ਅਪੀਲ ਕਰਦਿਆਂ ਕਿਹਾ ਕਿ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਖਤਮ ਹੁੰਦਾ ਜਾ ਰਿਹਾ ਹੈ ਅਤੇ ਜੇਕਰ ਅਸੀਂ ਪਾਣੀ ਨੂੰ ਬਰਬਾਦ ਹੋਣ ਤੋਂ ਨਾ ਬਚਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਦੀ ਬੂੰਦ ਬੂੰਦ ਲਈ ਤਰਸਾਂਗੇ। ਇਸ ਉਨ੍ਹਾਂ ਬੱਚਿਆਂ ਨੂੰ ਪਾਣੀ ਦੀ ਮਹੱਤਤਾ ਬਾਰੇ ਦੱਸਦਿਆਂ ਇੱਕ ਬਹੁਤ ਅਹਿਮ ਗੱਲ ਕਹੀਂ ਕਿ ਪਾਣੀ ਬਚਾਇਆ ਜਾ ਸਕਦਾ ਹੈ ਪਰ ਪਾਣੀ ਬਣਾਇਆ ਨਹੀਂ ਜਾ ਸਕਦਾ। ਜਲਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਅਤੇ ਇੱਕ ਵਾਰ ਯੂਜ ਹੋਣ ਵਾਲੀ ਸਾਰੀ ਪਲਾਸਟਿਕ ਉਤੇ ਬੈਨ ਲਗਾਇਆ ਹੈ ਜੋ ਕਿ ਧਰਤੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਬਹੁਤ ਵਧੀਆ ਉਪਰਾਲਾ ਹੈ। ਅਗਰ ਕੁਦਰਤੀ ਸੋਮਿਆਂ ਨੂੰ ਬਚਾਉਣਾ ਹੈ ਤਾਂ ਜੂਟ ਦੀ ਵਰਤੋਂ ਕਰਨੀ ਹੋਵੇਗੀ ਨਹੀਂ ਤਾਂ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਲਈ ਜ਼ਹਿਰ ਘੋਲੀ ਧਰਤੀ ਛੱਡਕੇ ਜਾਂਵਾਂਗੇ। ਇਸ ਮੌਕੇ ਜਲਵਾਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਸ਼ੁਰੂ ਕੀਤੀ ਗਈ ਹੈ ਜਿਸ ਦੇ ਮੱਦੇਨਜਰ ਪੰਜਾਬ ਵਿੱਚ 60 ਲੱਖ ਬੂਟੇ ਲਗਾਏ ਜਾ ਰਹੇ ਹਨ ਅਤੇ ਸਾਰੇ ਬੱਚੇ ਘੱਟ ਤੋਂ ਘੱਟ ਦੋ ਦੋ ਪੌਦੇ ਜ਼ਰੂਰ ਲਗਾਉਣ ਤਾਂ ਜ਼ੋ ਸਾਫ ਸੁਥਰੀ ਹਵਾ ਮਿਲੇ ਅਤੇ ਸਾਡਾ ਆਲ਼ਾ ਦੁਆਲਾ ਤੰਦਰੁਸਤ ਰਹੇ। ਇਸ ਮੌਕੇ ਬੱਬਰ ਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਸ ਕ੍ਰਿਪਾਲ ਸਿੰਘ ਅਤੇ ਪ੍ਰਿੰਸੀਪਲ ਸੁਖਵੀਰ ਸਿੰਘ ਅਤੇ ਟਰੱਸਟੀ ਮੈਂਬਰਾਂ ਵੱਲੋਂ ਸਤਨਾਮ ਸਿੰਘ ਜਲਵਾਹਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਗੁਰਪ੍ਰਸਾਦ ਸਿੰਘ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਲਵਾਹਾ ਵੱਲੋਂ ਸਾਰੇ ਸਕੂਲ ਦਾ ਦੌਰਾ ਕੀਤਾ ਅਤੇ ਦੌਲਤਪੁਰ ਪਿੰਡ ਦੇ ਸਾਰੇ ਕ੍ਰਾਂਤੀਕਾਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਤਨਾਮ ਸਿੰਘ ਜਲਵਾਹਾ ਵੱਲੋਂ ਸਕੂਲ ਪ੍ਰਬੰਧਕਾਂ ਨਾਲ ਵਿਸ਼ੇਸ਼ ਤੌਰ ਉੱਤੇ ਭੀ ਸ਼ਰਧਾ ਕੀਤੀ ਅਤੇ ਭਵਿੱਖ ਵਿੱਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸੁਰਿੰਦਰ ਸਿੰਘ ਸੰਘਾ, ਖੰਨਾ ਦੌਲਤਪੁਰ, ਸ ਕ੍ਰਿਪਾਲ ਸਿੰਘ,ਸ ਜੋਗਾ ਸਿੰਘ, ਤਰਨਜੀਤ ਸਿੰਘ, ਮਲਕੀਤ ਸਿੰਘ ਨਵਾਂਸ਼ਹਿਰ, ਮਨਦੀਪ ਸਿੰਘ ਅਟਵਾਲ, ਯੋਧਵੀਰ ਕੰਗ,ਗਗਨ ਮੀਰਪੁਰ, ਸਮੂਹ ਟੀਚਰ ਸਹਿਬਾਨ ਅਤੇ ਨੌਜਵਾਨ ਬੱਚੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ।