ਸਾਂਝਾ ਅਧਿਆਪਕ ਮੋਰਚਾ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ

ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਭੇਜੇ ਰੋਸ ਪੱਤਰ - ਨਵੀਂ ਸਿੱਖਿਆ ਨੀਤੀ ਦਾ ਕੀਤਾ ਵਿਰੋਧ
ਨਵਾਂ ਸ਼ਹਿਰ 17 ਅਗਸਤ :-  ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਜਿਲ੍ਹੇ ਦੇ ਸੈਂਕੜੇ ਅਧਿਆਪਕਾਂ ਨੇ ਪੁਰਾਣੇ ਡੀ. ਸੀ. ਕੰਪਲੈਕਸ ਵਿੱਚ ਡੀ. ਈ. ਓ. ਦਫਤਰ ਅੱਗੇ ਬਿਕਰਮਜੀਤ ਸਿੰਘ ਰਾਹੋਂ, ਦੇਸ ਰਾਜ ਨੌਰਦ, ਗੁਰਦਿਆਲ ਮਾਨ, ਜਗਦੀਸ਼ ਰਾਏ, ਯੋਗੇਸ਼ ਕੁਮਾਰ ਕੌੜਾ, ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਰੋਹ ਵਿੱਚ ਆ ਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕਰ ਕੇ ਜੰਮ ਕੇ ਭੜਾਸ ਕੱਢੀ।
        ਧਰਨੇ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਕੁਮਾਰ ਪੁਆਰੀ, ਕੁਲਦੀਪ ਸਿੰਘ ਦੌੜਕਾ, ਜੁਝਾਰ ਸਿੰਘ ਸਹੂੰਗੜਾ, ਸ਼ਾਮ ਸੁੰਦਰ ਕਪੂਰ, ਸੰਦੀਪ ਕੁਮਾਰ, ਨਿਰੰਜਣ ਜੋਤ, ਸੋਹਣ ਸਿੰਘ, ਜਸਵੀਰ ਪਾਲ ਸਿੰਘ, ਪ੍ਰਸ਼ੋਤਮ ਲਾਲ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਲਾ ਕੇ ਖਾਸ ਕਰਕੇ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਵਿਆਪਕ ਸੁਧਾਰ ਦੇ ਨਾਂ 'ਤੇ ਹੋਂਦ ਵਿੱਚ ਆਈ ਆਮ ਆਦਮੀ ਦੀ ਸਰਕਾਰ ਨੇ ਆਪਣੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਨਾਲ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਵੀ ਮਾਤ ਦੇ ਦਿੱਤੀ ਹੈ। ਪਿਛਲੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਨਵੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੋਰਚੇ ਦੀਆਂ ਕਈ ਮੀਟਿੰਗਾਂ ਦਾ ਦੌਰ ਚੱਲ ਚੁੱਕਾ ਹੈ, ਪ੍ਰੰਤੂ ਅਧਿਆਪਕਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ। ਸਗੋਂ ਅਧਿਆਪਕ ਵਿਰੋਧੀ ਨਿੱਤ ਨਵੇਂ ਫੁਰਮਾਨ ਜਾਰੀ ਹੋ ਰਹੇ ਹਨ। ਪਿਛਲੀਆਂ ਸਰਕਾਰਾਂ ਸਮੇਂ ਜਨਤਕ ਸਿੱਖਿਆ ਨੂੰ ਬਚਾਉਣ ਲਈ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਲਈ ਕੀਤੇ ਗਏ ਸੰਘਰਸ਼ਾਂ ਸਮੇਂ ਅਧਿਆਪਕ ਆਗੂਆਂ 'ਤੇ ਪੁਲਿਸ ਕੇਸ ਅਤੇ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ ਹਾਲੇ ਤੱਕ ਵੀ ਰੱਦ ਨਹੀਂ ਕੀਤੀਆਂ ਗਈਆਂ। ਲੰਬਾ ਸਮਾਂ ਰਹੇ ਸਿੱਖਿਆ ਸਕੱਤਰ ਵਲੋਂ ਕੀਤੀਆਂ ਗਈਆਂ ਅਧਿਆਪਕ ਵਿਰੋਧੀ ਸੋਧਾਂ ਵੀ ਜਿਉਂ ਦੀ ਤਿਉਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਸ ਸਮੇਂ ਹਰ ਵਰਗ ਦੀਆਂ ਖਤਮ ਕੀਤੀਆਂ ਪੋਸਟਾਂ ਹੁਣ ਤੱਕ ਵੀ ਬਹਾਲ ਨਹੀਂ ਕੀਤੀਆਂ ਗਈਆਂ। ਸਗੋਂ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ ਨੂੰ ਇਹ ਸਰਕਾਰ ਧੜੱਲੇ ਨਾਲ ਲਾਗੂ ਕਰਕੇ ਆਮ ਲੋਕਾਂ ਤੋਂ ਸਿੱਖਿਆ ਖੋਹਣ ਦਾ ਉਪਰਾਲਾ ਕਰ ਰਹੀ ਹੈ। ਰੈਗੂਲਰ ਹੋਣ ਦਾ ਹੱਕ ਮੰਗਦੇ ਕੱਚੇ ਅਧਿਆਪਕਾਂ ਅਤੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਨਿੱਤ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ। ਇਹ ਕੰਮ ਤਾਂ ਪਿਛਲੀਆਂ ਸਰਕਾਰਾਂ ਬਾਖੂਬੀ ਕਰ ਰਹੀਆਂ ਸਨ, ਫਿਰ ਬਦਲਾਅ ਤਾਂ ਸਿਰਫ ਚਿਹਰਿਆਂ ਦਾ ਆਇਆ ਹੈ। ਇਹ ਸਰਕਾਰ ਵੀ ਜਨਤਕ ਅਦਾਰਿਆਂ ਨੂੰ ਤਬਾਹ ਕਰਨ ਵਾਲੀਆਂ ਸਾਮਰਾਜੀ ਨਿਰਦੇਸ਼ਿਤ ਨਵਉਦਾਰਵਾਦੀ ਨੀਤੀਆਂ ਹੀ ਲਾਗੂ ਕਰ ਰਹੀ ਹੈ।
         ਇਸ ਸਰਕਾਰ ਨੇ ਅਧਿਆਪਕਾਂ ਦੀਆਂ ਤਰੱਕੀਆਂ ਲੈਣ ਸਮੇਂ ਇੱਕ ਹੋਰ ਵਿਭਾਗੀ ਟੈਸਟ ਥੋਪ ਕੇ ਆਪਣੀ ਅਕਲ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ।
           ਅਧਿਆਪਕ ਆਗੂਆਂ ਨੇ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ, ਸੈਕੰਡਰੀ ਵਿਭਾਗ ਦੀਆਂ ਬਦਲੀਆਂ ਦੀ ਲਿਸਟ ਜਾਰੀ ਕਰਵਾਉਣ, ਵਿਕਟੇਮਾਈਜ਼ੇਸ਼ਨ ਰੱਦ ਕਰਵਾਉਣ, ਹਰ ਵਰਗ ਦੀਆਂ ਪ੍ਰਮੋਸ਼ਨਾਂ ਕਰਵਾਉਣ, ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਸੈਕੰਡਰੀ ਵਿੱਚ ਵਿਸ਼ਾਵਾਰ ਅਧਿਆਪਕਾਂ ਦੀਆਂ ਪੋਸਟਾਂ ਦੀ ਸਿਰਜਣਾ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਚ ਮਰਜ ਕਰਵਾਉਣ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਵਾਉਣ, ਕੱਟੇ ਹੋਏ ਭੱਤੇ ਲਾਗੂ ਕਰਵਾਉਣ, ਅਧਿਆਪਕਾਂ ਤੋਂ ਲਏ ਜਾ ਰਹੇ ਗੈਰਵਿਦਿਅਕ ਕੰਮ ਬੰਦ ਕਰਵਾਉਣ, ਐਸ ਐਲ ਏ ਦੀ ਪੋਸਟ ਦੇ ਨਾਂ ਦੀ ਤਬਦੀਲੀ, ਨਾਨ ਟੀਚਿੰਗ ਤੋਂ ਤਰੱਕੀ ਸਮੇਂ ਟੈੱਟ ਤੋਂ ਛੋਟ, ਸਿੱਖਿਆ ਬੋਰਡ ਦੀ ਵਿਦਿਅਰਥੀਆਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਬੰਦ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਏ ਬਿਨਾਂ ਮੋਰਚਾ ਚੈਨ ਨਾਲ ਨਹੀਂ ਬੈਠੇਗਾ।
     ਇਸ ਰੋਸ ਪ੍ਰਦਰਸ਼ਨ ਉਪਰੰਤ ਅਧਿਆਪਕਾਂ ਨੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤੇ ਸੈਕੰਡਰੀ ਰਾਹੀਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਰੋਸ ਪੱਤਰ ਵੀ ਦਿੱਤੇ ਗਏ, ਜਿਸ ਵਿੱਚ ਪੰਜਾਬ ਸਰਕਾਰ ਨੂੰ ਮੰਗਾਂ ਨਾ ਹੱਲ ਹੋਣ ਤੇ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਦੀ ਸ਼ਖਤ ਚਿਤਾਵਨੀ ਵੀ ਦਿੱਤੀ ਗਈ। 
ਆਗੂਆਂ ਨੇ ਇਸ ਮੌਕੇ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਕੁਮਾਰ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ, ਗੁਰਦਿਆਲ ਸਿੰਘ, ਸੁਦੇਸ਼ ਦੀਵਾਨ, ਹਰਨਿੰਦਰ ਕੁਮਾਰ, ਵਿਜੈ ਕੁਮਾਰ, ਰੇਸ਼ਮ ਲਾਲ, ਰਵੀ ਕੁਮਾਰ, ਸੁਮਿਤ ਸੋਢੀ, ਅਮਰਪ੍ਰੀਤ ਸਿੰਘ, ਸਤਨਾਮ ਸਿੰਘ, ਹਰੀਸ਼ ਰਾਣਾ, ਜੁਗਰਾਜ ਸਿੰਘ, ਜਸਪਾਲ, ਕੁਲਵਿੰਦਰ ਲਾਲ ਆਦਿ ਸਾਮਿਲ ਸਨ।