ਨਵਾਂਸ਼ਹਿਰ ਵਿਖੇ 76ਵੇਂ ਆਜ਼ਾਦ ਦਿਵਸ ਮੌਕੇ ਲਹਿਰਾਇਆ ਤਿਰੰਗਾ
ਇੱਕ ਵਿਧਾਇਕ ਇੱਕ ਪੈਨਸ਼ਨ, ਆਮ ਆਦਮੀ ਕਲੀਨਿਕ ਤੇ 600 ਯੂਨਿਟ ਤੱਕ ਮੁਫ਼ਤ ਬਿਜਲੀ ਜਿਹੇ
ਅਹਿਮ ਵਾਅਦੇ ਪੰਜ ਮਹੀਨਿਆਂ 'ਚ ਹੀ ਪੂਰੇ ਹੋਏ
ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦਾ ਯੋਗਾਦਨ ਲਾ-ਮਿਸਾਲ
ਨਵਾਂਸ਼ਹਿਰ, 15 ਅਗਸਤ "- ਪੰਜਾਬ ਦੇ ਕਿਰਤ, ਯਾਤਰਾ, ਸਭਿਆਚਾਰਕ ਮਾਮਲੇ, ਨਿਵੇਸ਼
ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ
ਨਗਰ ਜ਼ਿਲ੍ਹੇ ਵਿੱਚ ਨਵਾਂਸ਼ਹਿਰ ਵਿਖੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਇਸ ਮੌਕੇ ਡੀ ਸੀ
ਐਨ ਪੀ ਐਸ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨਾਲ ਪਰੇਡ ਦਾ ਨਿਰੀਖਣ ਵੀ
ਕੀਤਾ ਤੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ।
ਉਨ੍ਹਾਂ ਇਸ ਮੌਕੇ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦੇ ਲਾ-ਮਿਸਾਲ ਯੋਗਦਾਨ ਅਤੇ ਸਭ
ਤੋਂ ਵੱਧ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ,
ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ
ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਪੰਜਾਬ ਨਾਲ ਸਬੰਧਤ ਅਜਿਹੇ ਹੋਰ
ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ 'ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ
ਆਜ਼ਾਦ ਮੁਲਕ ਦੇ ਵਾਸੀ ਹਾਂ।
ਅਨਮੋਲ ਗਗਨ ਮਾਨ ਨੇ ਆਖਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੀ
ਮਿੱਟੀ 'ਚੋਂ ਅੱਜ ਵੀ ਸ਼ਹਾਦਤ ਦੀ ਖੁਸ਼ਬੋ ਆਉਂਦੀ ਹੈ ਅਤੇ ਦੇਸ਼ ਲਈ ਮਰ ਮਿਟਣ ਦੀ
ਪ੍ਰੇਰਨਾ ਮਿਲਦੀ ਹੈ।
ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸ਼ਹੀਦਾਂ ਦੇ ਸੁਫ਼ਨਿਆਂ ਦਾ ਪੰਜਾਬ ਸਿਰਜਣ ਦੀ
ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਅਹਿਮ ਵਾਅਦੇ
ਜਿਵੇਂ ਕਿ ਇੱਕ ਵਿਧਾਇਕ ਇੱਕ ਪੈਨਸ਼ਨ, ਆਮ ਆਦਮੀ ਕਲੀਨਿਕ ਅਤੇ 600 ਯੂਨਿਟ ਤੱਕ ਘਰੇਲੂ
ਬਿਜਲੀ ਸਪਲਾਈ ਮੁਫ਼ਤ ਪਹਿਲੇ ਪੰਜ ਮਹੀਨਿਆਂ 'ਚ ਹੀ ਲਾਗੂ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਦਫ਼ਤਰਾਂ ਵਿੱਚੋਂ ਰਾਜਨੀਤਕ
ਤਸਵੀਰਾਂ ਲਾਉਣ ਦੀ ਪ੍ਰਥਾ ਨੂੰ ਖਤਮ ਕਰਦਿਆਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਡਾ. ਬੀ
ਆਰ ਅੰਬੇਦਕਰ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ ਤਾਂ ਜੋ ਉਹ ਸਾਨੂੰ ਲੋਕਾਂ ਪ੍ਰਤੀ ਆਪਣੀ
ਜ਼ਿੰਮੇਂਵਾਰੀ ਨੂੰ ਸਮਝਣ ਦੀ ਸੇਧ ਅਤੇ ਪ੍ਰੇਰਨਾ ਦੇ ਸਕਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਪੰਜਾਬ
ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ,
ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ 'ਤੋਂ ਨਾਜਾਇਜ਼ ਕਬਜੇ
ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗ ਦੇ ਖੇਤਰ ਵਿੱਚ ਨਾਮਣਾ ਖੱਟ
ਰਿਹਾ ਹੈ। ਉਨ੍ਹਾਂ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਨੂੰ ਪੰਜਾਬ 'ਚੋਂ ਭਿ੍ਰਸ਼ਟਾਚਾਰ
ਨੂੰ ਜੜ੍ਹੋਂ ਖਤਮ ਕਰਨ ਦਾ ਸਭ ਤੋਂ ਵੱਡਾ ਨਾਗਰਿਕ ਅਧਿਕਾਰ ਕਰਾਰ ਦਿੱਤਾ।
ਨਸ਼ਿਆਂ ਖ਼ਿਲਾਫ਼ ਜੰਗ, ਐਂਟੀ-ਗੈਂਗਸਟਰ ਟਾਸਕ ਫ਼ੋਰਸ, ਨੌਜੁਆਨਾਂ ਲਈ ਤਕਨੀਕੀ ਸਿਖਲਾਈ
ਸੰਸਥਾਂਵਾਂ ਦੀ ਸਥਾਪਤੀ, ਕਾਗਜ਼ੀ ਸਟੈਂਪ ਪੇਪਰਾਂ ਦੀ ਥਾਂ 'ਤੇ ਈ-ਸਟੈਂਪ ਦੀ ਸ਼ੁਰੂਆਤ,
ਕਿਸਾਨਾਂ ਨੂੰ ਬਦਲਵੀਂਆਂ ਫ਼ਸਲਾਂ ਲਈ ਉਤਸ਼ਾਹਿਤ ਕਰਨ ਅਤੇ ਧਰਤੀ ਹੇਠਲੇ ਪਾਣੀ ਦੇ ਘਟਦੇ
ਪੱਧਰ ਨੂੰ ਬਚਾਉਣ ਲਈ ਮੰੂਗੀ ਦਾ ਐਮ ਐਸ ਪੀ ਦੇਣ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ
ਉਤਸ਼ਾਹ ਦੇਣ ਲਈ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਨੂੰ ਪੰਜਾਬ ਸਰਕਾਰ ਦੀ ਰਾਜ ਅਤੇ
ਲੋਕਾਂ ਪ੍ਰਤੀ ਸੰਜੀਦਗੀ ਅਤੇ ਸੁਹਿਰਦਤਾ ਆਖਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੀ
ਤਰੱਕੀ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ।
ਕਿਰਤ ਮੰਤਰੀ ਨੇ ਅੱਗੇ ਕਿਹਾ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਦੇ ਲਾਭਪਾਤਰੀਆਂ ਨੂੰ ਕਣਕ
ਦੀ ਥਾਂ ਆਟਾ ਸਪਲਾਈ ਕਰਨ, ਦੇਸ਼ ਲਈ ਸ਼ਹੀਦ ਹੋਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ
ਦਿੱਤਾ ਜਾਂਦਾ ਮਾਣ ਭੱਤਾ ਵਧਾ ਕੇ ਇੱਕ ਕਰੋੜ ਕਰਨ, ਰਾਜ ਦੇ ਨੌਜੁਆਨਾਂ ਨੂੰ ਰੋਜ਼ਗਾਰ
ਦੇ ਵਾਅਦੇ ਤਹਿਤ 26 ਹਜ਼ਾਰ ਸਰਕਾਰੀ ਅਸਾਮੀਆਂ 'ਤੇ ਭਰਤੀ, ਨੌਜੁਆਨਾਂ ਨੂੰ ਖੇਡਾਂ 'ਚ
ਉਤਸ਼ਾਹ ਦੇਣ ਲਈ ਰਾਜ ਭਰ 'ਚ 29 ਜੁਲਾਈ ਤੋਂ ਖੇਡ ਮੁਕਾਬਲਿਆਂ ਦੀ ਆਰੰਭਤਾ ਭਗਵੰਤ ਮਾਨ
ਸਰਕਾਰ ਦੀ ਰਾਜ ਦੇ ਲੋਕਾਂ ਪ੍ਰਤੀ ਸੁਹਿਰਦ ਸੋਚ ਦਾ ਪ੍ਰਗਟਾਵਾ ਹੈ। ਰਾਜ ਦੇ ਲੋਕਾਂ
ਨੂੰ ਵਾਜਬ ਦਰਾਂ 'ਤੇੇ ਨਿਰਮਾਣ ਸਮੱਗਰੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਰੇਤ ਤੇ ਬਜਰੀ
ਦੀ ਮਾਈਨਿੰਗ ਨੀਤੀ, 2021 ਵਿੱਚ ਸੋਧ ਨੂੰ ਆਮ ਆਦਮੀ ਲਈ ਉਨ੍ਹਾਂ ਵੱਡੀ ਰਾਹਤ ਕਰਾਰ
ਦਿੱਤਾ।
ਸਮਾਗਮ ਦੌਰਾਨ ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ
ਟ੍ਰਾਈਸਾਈਕਲ ਅਤੇ ਸਿਲਾਈ ਮਸ਼ੀਨਾਂ ਵੀ ਭੇਟ ਕੀਤੀਆਂ। ਇਸ ਤੋਂ ਇਲਾਵਾ ਪਰੇਡ ਕਮਾਂਡਰ ਡੀ
ਐਸ ਪੀ ਹਰਸ਼ਪ੍ਰੀਤ ਸਿੰਘ ਅਤੇ ਨੇਚਰ ਫ਼ੋਟੋਗ੍ਰਾਫ਼ਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਸਮੇਤ
51 ਸਖਸ਼ੀਅਤਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ।
ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ 28
ਸਕੂਲਾਂ ਦੇ 2000 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਮੌਕੇ ਪਰੇਡ, ਪੀ ਟੀ ਸ਼ੋਅ ਤੇ
ਸਭਿਆਚਾਰਕ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਵਿਭਾਗਾਂ ਵੱਲੋਂ ਲੋਕ
ਜਾਗਰੂਕਤਾ ਲਈ ਕੱਢੀਆਂ ਗਈਆਂ ਝਾਕੀਆਂ ਵੀ ਮਾਰਚ ਪਾਸਟ ਦਾ ਹਿੱਸਾ ਸਨ।
ਸਮਾਗਮ ਦੌਰਾਨ ਐਮ ਐਲ ਏ ਸੰਤੋਸ਼ ਕੁਮਾਰੀ ਕਟਾਰੀਆ, ਐਮ ਐਲ ਏ ਡਾ. ਨਛੱਤਰ ਪਾਲ, ਜ਼ਿਲ੍ਹਾ
ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਆਪ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ,
ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ, ਮਹਿਲਾ ਵਿੰਗ ਦੇ ਪ੍ਰਧਾਨ ਰਾਜਦੀਪ ਸ਼ਰਮਾ, ਆਪ ਯੂਥ
ਵਿੰਗ ਦੇ ਉਪ ਪ੍ਰਧਾਨ ਸਤਨਾਮ ਸਿੰਘ ਜਲਵਾਹਾ, ਬੰਗਾ ਤੋਂ ਬਲਬੀਰ ਸਿੰਘ ਕਰਨਾਣਾ,
ਜ਼ਿਲ੍ਹਾ ਯੂਥ ਪ੍ਰਧਾਨ ਵਿਨੀਤ ਰਾਣਾ, ਆਪ ਦੇ ਜ਼ਿਲ੍ਹਾ ਜਨਰਲ ਸਕੱਤਰ ਗਗਨ ਅਗਨੀਹੋਤਰੀ
ਸਮੇਤ ਵੱਡੀ ਗਿਣਤੀ 'ਚ ਜ਼ਿਲ੍ਹੇ ਦੇ ਅਧਿਕਾਰੀ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਮੰਚ 'ਤੇ
ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਰਤ, ਯਾਤਰਾ ਤੇ ਸਭਿਆਚਰਕ ਮਾਮਲਿਆਂ ਬਾਰੇ ਮੰਤਰੀ
ਅਨਮੋਲ ਗਗਨ ਮਾਨ ਦੀ ਸਿਫ਼ਾਰਸ਼ 'ਤੇ ਸਕੂਲਾਂ 'ਚ 16 ਅਗਸਤ ਦੀ ਛੁੱਟੀ ਦਾ ਐਲਾਨ ਵੀ ਕੀਤਾ
ਗਿਆ।