ਜ਼ਿਲ੍ਹਾ ਖੇਡ ਦਫ਼ਤਰ ਵੱਲੋਂ ਬਲਾਕ ਪੱਧਰੀ ਖੇਡਾਂ ਦੀ ਸਮਾਂ ਸੀਮਾ ਜਾਰੀ - ਪੰਜਾਂ ਬਲਾਕਾਂ ਵਿੱਚ ਖੇਡ ਮੁਕਾਬਲਿਆਂ ਦੀਆਂ ਥਾਂਵਾਂ ਨਿਰਧਾਰਿਤ

ਨਵਾਂਸ਼ਹਿਰ, 17 ਅਗਸਤ: ਪੰਜਾਬ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਪਹਿਲਕਦਮੀ 'ਤੇੇ ਕਰਵਾਏ ਜਾ ਰਹੇ 'ਪੰਜਾਬ ਖੇਡ ਮੇਲਾ-2022' ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਇੱਕ ਸਤੰਬਰ ਤੋਂ ਹੋਣ ਵਾਲੀਆਂ ਬਲਾਕ ਪੱਧਰੀ ਖੇਡਾਂ ਦੀ ਸਮਾਂ-ਸਾਰਣੀ ਜਾਰੀ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਬੰਗਾ ਬਲਾਕ ਦੀਆਂ ਖੇਡਾਂ 1 ਅਤੇ 2 ਸਤੰਬਰ ਨੂੰ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿੱਚ ਕਬੱਡੀ, ਰੱਸਾਕਸ਼ੀ, ਐਥਲੈਟਿਕਸ ਅਤੇ ਖੋਹ-ਖੋਹ ਦੇ ਮੁਕਾਬਲੇ ਭਾਈ ਸੰਗਤ ਸਿੰਘ ਕਾਲਜ ਵਿਖੇ ਅਤੇ ਫੁੱਟਬਾਲ ਤੇ ਵਾਲੀਬਾਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਏ ਜਾਣਗੇ।
ਔੜ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ 3 ਅਤੇ 5 ਸਤੰਬਰ ਨੂੰ ਕਰਵਾਏ ਜਾਣਗੇ। ਇੱਥੇ ਹੋਣ ਵਾਲੇ ਮੁਕਾਬਲਿਆਂ ਵਿੱਚ ਕਬੱਡੀ, ਐਥਲੈਟਿਕਸ, ਰੱਸਾਕਸ਼ੀ, ਫੁੱਟਬਾਲ ਅਤੇ ਖੋਹ-ਖੋਹ ਸ਼ਾਮਿਲ ਹਨ।
ਨਵਾਂਸ਼ਹਿਰ ਬਲਾਕ ਦੇ ਮੁਕਾਬਲੇ ਜੋ 6 ਅਤੇ 7 ਸਤੰਬਰ ਨੂੰ ਕਰਵਾਏ ਜਾ ਰਹੇ ਹਨ, ਦੌਰਾਨ ਫੁੱਟਬਾਲ ਮੁਕਾਬਲੇ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਅਤੇ ਕਬੱਡੀ, ਖੋਹ-ਖੋਹ, ਵਾਲੀਬਾਲ, ਐਥਲੈਟਿਕਸ ਅਤੇ ਰੱਸਾਕਸ਼ੀ ਮੁਕਾਬਲੇ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਏ ਜਾਣਗੇ।
ਬਲਾਚੌਰ ਬਲਾਕ ਦੇ ਖੇਡ ਮੁਕਾਬਲੇ 8 ਅਤੇ 9 ਸਤੰਬਰ ਨੂੰ ਕਰਵਾਏ ਜਾਣਗੇ। ਇਨ੍ਹਾਂ ਵਿੱਚ ਕਬੱਡੀ, ਫੁੱਟਬਾਲ, ਖੋਹ-ਖੋਹ ਤੇ ਰੱਸਾਕਸ਼ੀ ਮੁਕਾਬਲੇ ਬੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ, ਐਥਲੈਟਿਕਸ ਮੁਕਾਬਲੇ ਪਿੰਡ ਸਿਆਣਾ ਅਤੇ ਵਾਲੀਬਾਲ ਮੁਕਾਬਲੇ ਪਿੰਡ ਭੱਦੀ ਵਿਖੇ ਕਰਵਾਏ ਜਾਣਗੇ।
ਸੜੋਆ ਬਲਾਕ ਦੇ ਖੇਡ ਮੁਕਾਬਲੇ 8 ਅਤੇ 9 ਸਤੰਬਰ ਨੂੰ ਕਰਵਾਏ ਜਾਣਗੇ। ਕਬੱਡੀ, ਖੋਹ-ਖੋਹ, ਵਾਲੀਬਾਲ, ਐਥਲੈਟਿਕਸ ਅਤੇ ਰੱਸਾਕਸ਼ੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਅਤੇ ਫੁੱਟਬਾਲ ਮੁਕਾਬਲੇ ਪਿੰਡ ਖਰੋੜ ਵਿਖੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡਾਂ ਲਈ ਨੋਡਲ ਅਫ਼ਸਰ ਉਹ ਖੁਦ ਹੋਣਗੇ ਜਦਕਿ ਖੇਡ ਵਾਰ ਕਨਵੀਨਰਾਂ 'ਚ ਸ੍ਰੀਮਤੀ ਗੁਰਜੀਤ ਕੌਰ ਨੂੰ ਕਬੱਡੀ, ਜੋਗਿੰਦਰ ਸਿੰਘ ਨੂੰ ਰੱਸਾਕਸ਼ੀ, ਸ੍ਰੀਮਤੀ ਜਸਕਰਨ ਕੌਰ ਨੂੰ ਖੋਹ-ਖੋਹ, ਗੁਰਪ੍ਰੀਤ ਸਿੰਘ ਨੂੰ ਵਾਲੀਬਾਲ, ਮਲਕੀਤ ਸਿੰਘ ਨੂੰ ਐਥਲੈਟਿਕਸ ਅਤੇ ਕਸ਼ਮੀਰ ਸਿੰਘ ਨੂੰ ਫੁੱਟਬਾਲ ਦਾ ਕਨਵੀਨਰ ਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੰਡਰ-14 ਸਾਲ ਉਮਰ ਵਰਗ ਮੁਕਾਬਲਿਆਂ ਲਈ ਜਨਮ ਮਿਤੀ 01.01.2009 ਤੋਂ ਬਾਅਦ ਦੀ ਜਨਮ ਮਿਤੀ, ਅੰਡਰ-17 ਮੁਕਾਬਲਿਆਂ ਲਈ 01-01-2006 ਤੋਂ ਬਾਅਦ ਦੀ ਜਨਮ ਮਿਤੀ, ਅੰਡਰ-21 ਮੁਕਾਬਲਿਆਂ ਲਈ 01.01.2002 ਤੋਂ ਬਾਅਦ ਦੀ ਜਨਮ ਮਿਤੀ, ਅੰਡਰ 21 ਤੋਂ 40 ਮੁਕਾਬਲਿਆਂ ਲਈ 01.01.1983 ਤੋਂ ਬਾਅਦ ਦਾ ਜਨਮ, ਅੰਡਰ 41-50 ਸਾਲ ਵਰਗ ਲਈ 01.01.1973 ਤੋਂ ਬਾਅਦ ਦੀ ਜਨਮ ਮਿਤੀ ਅਤੇ 50 ਸਾਲ ਤੋਂ ਵੱਧ ਲਈ 01.01.1973 ਤੋਂ ਪਹਿਲਾਂ ਦਾ ਜਨਮ ਹੋਣਾ ਚਾਹੀਦਾ ਹੈ।
ਉੁਨ੍ਹਾਂ ਦੱਸਿਆ ਕਿ ਹੋਰਨਾਂ ਸ਼ਰਤਾਂ ਅਤੇ ਆਫ਼ਲਾਈਨ ਐਂਟਰੀਆਂ ਲਈ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਜਦਕਿ ਆਨਲਾਈਨ ਐਂਟਰੀ ਵੈਬਸਾਈਟ www.punjabkhedmela2022.in  'ਤੇ ਕੀਤੀ ਜਾ ਸਕਦੀ ਹੈ।